ਅਬੋਹਰ : ਉੱਤਰ ਭਾਰਤ ਦੇ ਪ੍ਰਸਿੱਧ ਡਰੈੱਸ ਡਿਜ਼ਾਈਨਰ ਜਗਤ ਵਰਮਾ ਦੇ ਭਰਾ ਸੰਜੇ ਵਰਮਾ ਨੂੰ ਅੱਜ ਸਵੇਰੇ ਕਰੀਬ ਸਵਾ ਦਸ ਵਜੇ ਮੋਟਰਸਾਈਕਲ ‘ਤੇ ਆਏ ਤਿੰਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲਾ ਹੋਣ ਦੀ ਸੂਚਨਾ ਮਿਲਦੇ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਸੰਜੇ ਵਰਮਾ ਕਰੀਬ ਤਿੰਨ ਦਹਾਕਿਆਂ ਤੋਂ ਡਰੈਸ ਡਿਜ਼ਾਈਨਿੰਗ ਵਿਚ ਉੱਤਰ ਭਾਰਤ ਵਿਚ ਇਕ ਚਰਚਿਤ ਚਿਹਰਾ ਮੰਨੇ ਜਾਂਦੇ ਸਨ। ਸ਼ਹੀਦ ਭਗਤ ਸਿੰਘ ਚੌਂਕ ‘ਤੇ ਸੰਜੇ ਵਰਮਾ ਅਤੇ ਜਗਤ ਵਰਮਾ ਦੋਵੇਂ ਭਰਾ ਮਿਲ ਕੇ ਵੀਅਰ ਵੈਲ ਨਾਂ ਦੇ ਸ਼ੋਅਰੂਮ ਦਾ ਸੰਚਾਲਨ ਕਰਦੇ ਸਨ।
ਸ਼ੋਅਰੂਮ ਦੇ ਕਰਮਚਾਰੀਆਂ ਨੇ ਪੁਲਸ ਨੂੰ ਦੱਸਿਆ ਕਿ ਅੱਜ ਸਵੇਰੇ ਸੰਜੇ ਵਰਮਾ ਜਿਵੇਂ ਹੀ ਆਪਣੀ ਕਾਰ ‘ਤੇ ਸਵਾਰ ਹੋ ਕੇ ਸ਼ੋਅਰੂਮ ਦੇ ਬਾਹਰ ਆਏ ਤਾਂ ਪਹਿਲਾਂ ਤੋਂ ਤਿਆਰ ਬੈਠੇ ਹਮਲਾਵਰਾਂ ਨੇ ਸੰਜੇ ਵਰਮਾ ‘ਤੇ ਕਾਰ ਵਿਚ ਹੀ ਤਾਬੜ-ਤੋੜ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ। ਕਰਮਚਾਰੀ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਸੰਜੇ ਵਰਮਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਲਗਭਗ ਇਕ ਦਰਜਨ ਗੋਲੀਆਂ ਸੰਜੇ ਵਰਮਾ ‘ਤੇ ਚਲਾਈਆਂ ਜਿਸ ਕਾਰਨ ਪੂਰਾ ਸਰੀਰ ਹੀ ਗੋਲੀਆਂ ਨਾਲ ਛਲਣੀ ਹੋ ਗਿਆ।