ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 3 ਦਿਨਾਂ ਤੋਂ ਮੌਸਮ ਖ਼ਰਾਬ ਹੈ। ਸੂਬੇ ‘ਚ ਪਿਛਲੇ 12 ਘੰਟਿਆਂ ਤੋਂ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਬੀਤੀ ਰਾਤ ਤੋਂ ਸੂਬੇ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ‘ਚ ਬਾਰਿਸ਼ ਜਾਰੀ ਹੈ। ਦੂਜੇ ਪਾਸੇ ਲਾਹੌਲ ਸਪਿਤੀ, ਚੰਬਾ-ਪਾਂਗੀ ਅਤੇ ਕਿਨੌਰ ਜ਼ਿਲਿਆਂ ਦੇ ਜ਼ਿਆਦਾਤਰ ਇਲਾਕਿਆਂ ‘ਚ ਭਾਰੀ ਬਰਫਬਾਰੀ ਕਰਕੇ ਸੜਕਾਂ ਬੰਦ ਹੋਣ ਕਾਰਨ ਦੁਨੀਆ ਦੇ ਬਾਕੀ ਦੇਸ਼ਾਂ ਨਾਲ ਸੰਪਰਕ ਟੁੱਟ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਸੱਤ ਜ਼ਿਲ੍ਹਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਲਾਹੌਲ ਸਪਿਤੀ, ਕਿਨੌਰ, ਚੰਬਾ, ਕਾਂਗੜਾ, ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਕੁੱਲੂ ਅਤੇ ਕਾਂਗੜਾ ਵਿੱਚ ਬੱਦਲ ਫਟਣ ਵਰਗੇ ਹਾਲਾਤ ਹਨ।
ਜਾਣਕਾਰੀ ਮੁਤਾਬਕ ਸੂਬੇ ਦੇ ਕਿਨੌਰ, ਕੁੱਲੂ ਅਤੇ ਕਾਂਗੜਾ ਅਤੇ ਚੰਬਾ ਜ਼ਿਲਿਆਂ ‘ਚ ਕੁਝ ਥਾਵਾਂ ‘ਤੇ ਨੁਕਸਾਨ ਹੋਣ ਦੀ ਖਬਰ ਹੈ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਵੀ ਸਭ ਤੋਂ ਵੱਧ ਮੀਂਹ ਪਿਆ ਹੈ। ਕੁੱਲੂ ‘ਚ ਭਾਰੀ ਮੀਂਹ ਕਾਰਨ ਨਦੀਆਂ-ਨਾਲੇ ਉਫਾਨ ‘ਤੇ ਹਨ। ਜਿੱਥੇ ਕਈ ਵਾਹਨ ਮਲਬੇ ਹੇਠ ਦੱਬ ਗਏ, ਉੱਥੇ ਹੀ ਭੁੰਤਰ ਸਬਜ਼ੀ ਮੰਡੀ ਪਾਣੀ ਵਿੱਚ ਡੁੱਬ ਗਈ। ਭੂਤਨਾਥ ਪੁਲ ਨੇੜੇ ਵੀ ਵਾਹਨ ਡਰੇਨ ਵਿੱਚ ਰੁੜ੍ਹ ਗਏ। ਦੂਜੇ ਪਾਸੇ ਲਾਰਜੀ ਡੈਮ ਤੋਂ ਪਾਣੀ ਛੱਡਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰੋਟ ‘ਚ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਕਿਉਂਕਿ ਬੜਾ ਬੰਗਾਲ ਵੱਲ ਬੱਦਲ ਫਟ ਗਿਆ ਹੈ ਅਤੇ ਕੁਝ ਵਾਹਨ ਰੁੜ੍ਹ ਗਏ ਹਨ।