ਨੈਸ਼ਨਲ : ਉਤਰਾਖੰਡ ਦੇ ਉੱਤਰਕਾਸ਼ੀ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਮਚ ਗਈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਗੰਗੋਤਰੀ ਧਾਮ ਅਤੇ ਮੁਖਵਾ ਦੇ ਨੇੜੇ ਸਥਿਤ ਧਾਰਲੀ ਪਿੰਡ ਵਿੱਚ ਬੱਦਲ ਫਟਣ ਕਾਰਨ ਇੱਕ ਨਾਲਾ ਓਵਰਫਲੋ ਹੋ ਗਿਆ। ਓਵਰਫਲੋ ਹੋਣ ਕਾਰਨ ਨਾਲੇ ਦਾ ਪਾਣੀ ਪਹਾੜੀ ਤੋਂ ਹੇਠਲੇ ਇਲਾਕਿਆਂ ਵੱਲ ਬਹੁਤ ਤੇਜ਼ੀ ਨਾਲ ਵਗ ਰਿਹਾ ਸੀ, ਜਿਸ ਕਾਰਨ ਕਈ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਬੱਦਲ ਫਟਣ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਸਿਰਫ਼ 20 ਸਕਿੰਟਾਂ ਵਿੱਚ ਸਭ ਕੁਝ ਤਬਾਹ ਹੋ ਗਿਆ। ਆਲੇ-ਦੁਆਲੇ ਦੇ ਸਾਰੇ ਘਰ ਬੁਰੀ ਤਰੀਕੇ ਨਾਲ ਨੁਕਸਾਨੇ ਗਏ ਹਨ। ਨਾਲੇ ਦੇ ਪਾਣੀ ਦੇ ਨਾਲ ਮਲਬਾ ਵੀ ਆਇਆ ਹੈ, ਜਿਸ ਵਿੱਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਬੱਦਲ ਫਟਣ ਤੋਂ ਬਾਅਦ ਨਾਲੇ ਵਿੱਚ ਪਾਣੀ ਭਰ ਜਾਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਹੁਣ ਇਲਾਕੇ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।