ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਮੋਹਾਲੀ ਦੇ ਸੈਕਟਰ-62 ਸਥਿਤ ਵਿਕਾਸ ਭਵਨ ਵਿਖੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਤੌਰ ‘ਤੇ ਸ਼ਾਮਲ ਹੋਏ ਅਤੇ ਸੂਬੇ ਦੇ 50 ਅਧਿਆਪਕਾਂ ਨੂੰ ਸਨਮਾਨਿਤ ਕੀਤਾ।
ਅਧਿਆਪਕਾਂ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਗੁਰੂ ਅਤੇ ਚੇਲੇ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਇੱਕ ਅਧਿਆਪਕ ਦੇ ਪੁੱਤਰ ਹਨ ਅਤੇ ਉਨ੍ਹਾਂ ਨੇ ਆਪਣੇ ਪਿਤਾ ਰਾਹੀਂ ਅਧਿਆਪਕਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਦੇਖਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਕੂਲਾਂ ਦੀਆਂ ਕਈ ਛੋਟੀਆਂ-ਵੱਡੀਆਂ ਜ਼ਿੰਮੇਵਾਰੀਆਂ ਹੈੱਡ ਮਾਸਟਰ ਦੇ ਸਿਰ ਹੁੰਦੀਆਂ ਸਨ। ਸਕੂਲ ਦਾ ਬਾਥਰੂਮ ਠੀਕ ਕਰਵਾਉਣ ਤੋਂ ਲੈ ਕੇ ਰਜਿਸਟਰ, ਛੁੱਟੀ ਦੀ ਮਨਜ਼ੂਰੀ ਅਤੇ ਫੀਸ ਮੁਆਫੀ ਦੀਆਂ ਅਰਜ਼ੀਆਂ ਤੱਕ ਕਈ ਕੰਮ ਹੈੱਡ ਮਾਸਟਰ ਨੂੰ ਦੇਖਣੇ ਪੈਂਦੇ ਸਨ। ਉਨ੍ਹਾਂ ਕਿਹਾ ਕਿ ਹੈੱਡ ਮਾਸਟਰ ਦਾ ਬੋਝ ਘਟਾਉਣ ਦੀ ਲੋੜ ਹੈ।
CM ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੇਰੈਂਟਸ-ਟੀਚਰ ਮੀਟਿੰਗਾਂ ਦੀ ਸ਼ੁਰੂਆਤ ਵੀ ਇਸੇ ਮਕਸਦ ਨਾਲ ਕੀਤੀ ਗਈ, ਤਾਂ ਜੋ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪਿਛਲੀ ਮੀਟਿੰਗ ਵਿੱਚ ਕਰੀਬ 24 ਲੱਖ ਮਾਪਿਆਂ ਨੇ ਹਿੱਸਾ ਲਿਆ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਦੀ ਸੂਰਤ ਬਦਲੀ ਗਈ ਹੈ। ਸਕੂਲਾਂ ਵਿੱਚ ਬੈਂਚ, ਬਾਥਰੂਮ, ਚਾਰਦੀਵਾਰੀਆਂ, ਕਲੈਰੀਕਲ ਸਟਾਫ ਅਤੇ ਟੀਚਿੰਗ ਸਟਾਫ ਦੀਆਂ ਸਹੂਲਤਾਂ ‘ਤੇ ਕੰਮ ਕੀਤਾ ਗਿਆ ਹੈ। ਅਧਿਆਪਕਾਂ ਦੀ ਭਰਤੀ ਦੇ ਨਾਲ ਉਨ੍ਹਾਂ ਦੀ ਟ੍ਰੇਨਿੰਗ ‘ਤੇ ਵੀ ਧਿਆਨ ਦਿੱਤਾ ਗਿਆ ਹੈ।
ਭਗਵੰਤ ਮਾਨ ਨੇ ਆਪਣੇ ਸਕੂਲ ਸਮੇਂ ਦੇ ਅਧਿਆਪਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਅਧਿਆਪਕਾਂ ਅਤੇ ਪ੍ਰੋਫੈਸਰਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੜ੍ਹਾਇਆ ਹੋਇਆ ਵਿਦਿਆਰਥੀ ਮੁੱਖ ਮੰਤਰੀ ਬਣਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਉਸ ਮਾਲੀ ਵਾਂਗ ਹੁੰਦਾ ਹੈ, ਜੋ ਪੌਦੇ ਨੂੰ ਪਾਲਦਾ ਹੈ ਅਤੇ ਉਸ ਦੀ ਕਾਮਯਾਬੀ ‘ਤੇ ਸਭ ਤੋਂ ਵੱਧ ਖੁਸ਼ ਹੁੰਦਾ ਹੈ।

