ਨੰਗਲ – ਹਰਿਆਣਾ-ਪੰਜਾਬ ਵਿਚਾਲੇ ਚੱਲ ਰਿਹਾ ਪਾਣੀ ਦਾ ਵਿਵਾਦ ਭੱਖਦਾ ਜਾ ਰਿਹਾ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਬੀ. ਬੀ. ਐੱਮ. ਬੀ. ਖ਼ਿਲਾਫ਼ ਦੋ ਹਫ਼ਤਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਨੂੰ ਅੱਜ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਹਰਜੋਤ ਸਿੰਘ ਬੈਂਸ ਸਮੇਤ ਹੋਰ ਵੀ ਕਈ ਆਗੂ ਨੰਗਲ ਡੈਮ ‘ਤੇ ਪਹੁੰਚੇ।
ਉਥੇ ਹੀ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਐਲਾਨ ਕਰਦੇ ਕਿਹਾ ਕਿ ਹਰਿਆਣਾ ਨੂੰ ਬਣਦੇ ਅਧਿਕਾਰ ਮੁਤਾਬਕ ਅੱਜ ਤੋਂ ਇਕ ਵਜੇ ਤੋਂ 100 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਜਾਵੇਗਾ, ਜੋਕਿ ਅਗਲੀ 21 ਤਾਰੀਖ਼ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦਾ 15.6 ਲੱਖ ਕਿਊਸਿਕ ਪਾਣੀ ਬਣਦਾ ਹੈ ਜਦਕਿ ਉਹ 16.48 ਲੱਖ ਕਿਊਸਿਕ ਪਾਣੀ ਵਰਤ ਚੁੱਕਿਆ ਹੈ। ਹਰਿਆਣਾ ਆਪਣੇ ਕੋਟੇ ਤੋਂ ਵੱਧ ਪਾਣੀ ਇਸਤੇਮਾਲ ਕਰ ਚੁੱਕਿਆ ਹੈ, ਇਸ ਕਰਕੇ ਵਾਧੂ ਪਾਣੀ ਹੁਣ ਨਹੀਂ ਦਿੱਤਾ ਜਾਵੇਗਾ। ਪੰਜਾਬ ਕਦੇ ਵੀ ਹਰਿਆਣੇ ਦਾ ਬਣਦਾ ਅਧਿਕਾਰ ਨਹੀਂ ਖੋਹੇਗਾ ਅਤੇ ਅਗਲੀ ਤਾਰੀਖ਼ ਤੱਕ ਜਿੰਨਾ ਪਾਣੀ ਬਣਦਾ ਹੈ, ਉਹ ਹਰਿਆਣਾ ਨੂੰ ਦਿੱਤਾ ਜਾਵੇਗਾ