ਪਟਿਆਲਾ/ਸਨੌਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਬਣੇ ਇਤਿਹਾਸਕ ਹੋਟਲ ਰਨਬਾਸ ਵਿਖੇ ਰਾਤ ਕੱਟਣ ਲਈ ਪਹੁੰਚੇ। ਕੁੱਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਨੇ ਇਸ ਰਨਬਾਸ ਹੋਟਲ ਦਾ ਉਦਘਾਟਨ ਕੀਤਾ ਸੀ। ਰਨਬਾਸ ਨੂੰ ਵੀ. ਵੀ. ਆਈ. ਪੀ. ਲੋਕਾਂ ਦੇ ਹੋਟਲ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਪਟਿਆਲਾ ਆਮਦ ਨੂੰ ਵੇਖਦਿਆਂ ਸਮੁੱਚੇ ਅਧਿਕਾਰੀ ਪੂਰੀ ਤਰ੍ਹਾਂ ਚੌਕੰਨੇ ਹੋਏ ਪਏ ਹਨ। ਭਗਵੰਤ ਮਾਨ ਨੇ ਹਾਲ ਹੀ ’ਚ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਹੋਰ ਕਈ ਛਾਪੇਮਾਰੀਆਂ ਕਰਕੇ ਲੋਕਾਂ ਦੇ ਹੱਕ ’ਚ ਜਿਹੜੀ ਬੈਟਿੰਗ ਕੀਤੀ ਹੈ, ਦੇ ਕਾਰਨ ਅੰਦਰ ਖਾਤੇ ਅਧਿਕਾਰੀਆਂ ਨੇ ਸਮੁੱਚੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਸਮੇਂ ਸਿਰ ਆਪਣੀਆਂ-ਆਪਣੀਆਂ ਸੀਟਾਂ ’ਤੇ ਹਾਜ਼ਰ ਰਹਿਣ। ਮੁੱਖ ਮੰਤਰੀ ਦੀ ਬੈਟਿੰਗ ਨਾਲ ਹੁਣ ਬਾਲ ਸਿੱਧੇ ਹੀ ਬਾਊਂਡਰੀ ਤੋਂ ਬਾਹਰ ਜਾ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ’ਚ ਘਬਰਾਹਟ ਹੈ ਪਰ ਸੀ. ਐੱਮ. ਦੀ ਇਸ ਕਾਰਜਸ਼ੈਲੀ ਤੋਂ ਲੋਕ ਬੇਹੱਦਖੁਸ਼ ਹਨ।
ਸੂਤਰਾਂ ਮੁਤਾਬਕ ਸੀ. ਐੱਮ. ਕੁੱਝ ਗੁਪਤ ਮੀਟਿੰਗਾਂ ਕਰ ਸਕਦੇ ਹਨ, ਇਸ ਲਈ ਸਮੁੱਚੀ ਅਫਸਰਸ਼ਾਹੀ ਅੱਜ ਸਾਰਾ ਦਿਨ ਪੱਬਾਂ ਭਾਰ ਰਹੀ। ਹਾਲਾਂਕਿ ਮੁੱਖ ਮੰਤਰੀ ਦੇ ਦੌਰੇ ਸਬੰਧੀ ਕੋਈ ਅਧਿਕਾਰੀ ਜਾਂ ਨੇਤਾ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਮੁੱਖ ਮੰਤਰੀ ਦਾ ਅਚਨਚੇਤ ਆਉਣਾ ਅਤੇ ਪਟਿਆਲਾ ਦੇ ਰਨਬਾਸ ਹੋਟਲ ’ਚ ਰਾਤ ਕੱਟਣ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਕਈ ਅਹਿਮ ਮੀਟਿੰਗਾਂ ਕਰ ਸਕਦੇ ਹਨ।