ਅਬੋਹਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਅਬੋਹਰ ਦੇ ਕਾਰੋਬਾਰੀ ਸੰਜੈ ਵਰਮਾ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਗਿਆ। ਦੱਸ ਦੇਈਏ ਕਿ ਫਾਜ਼ਿਲਕਾ ਦੇ ਪਿੰਡ ਅਰਨੀਵਾਲਾ ਦੇ ਦੌਰੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਬੋਹਰ ਦਾ ਦੌਰਾ ਕੀਤਾ ਅਤੇ ਇਥੋਂ ਦੇ ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦਾ ਕਰੀਬ ਇਕ ਮਹੀਨੇ ਪਹਿਲਾਂ ਹੋਏ ਕਤਲ ’ਤੇ ਦੁੱਖ਼ ਪ੍ਰਗਟ ਕਰਨ ਲਈ ਨਿਊ ਵੇਅਰਵੈੱਲ ਦੇ ਡਾਇਰੈਕਟਰ ਜਗਤ ਵਰਮਾ ਦੇ ਘਰ ਪਹੁੰਚੇ। ਇਸ ਦੌਰਾਨ ਮਨੀਸ਼ ਸਿਸੋਦੀਆ, ਅਰੁਣ ਨਾਰੰਗ ਅਤੇ ਹੋਰ ਆਗੂ ਉਨ੍ਹਾਂ ਵੀ ਨਾਲ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਜਗਤ ਵਰਮਾ ਨਾਲ ਇਸ ਦੁੱਖ਼ਦਾਈ ਘਟਨਾ ’ਤੇ ਦੁੱਖ਼ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਪੰਜਾਬ ਪੁਲਸ ਨੇ ਇਸ ਹਮਲੇ ’ਚ ਸ਼ਾਮਲ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਹਾਲ ਹੀ ਵਿਚ ਦੋ ਗੈਂਗਸਟਰਾਂ ਨੂੰ ਮਾਰ ਦਿੱਤਾ ਹੈ ਅਤੇ ਬਾਕੀ ਮੁੱਖ ਦੋਸ਼ੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।