ਲੋਕ ਸਭਾ ਚੌਣਾਂ ਦੇ ਚੱਲਦੇ ਸਿਆਸੀ ਨੇਤਾਵਾਂ ਵੱਲੋਂ ਪ੍ਰਚਾਰ ਲਈ ਖੂਬ ਮਿਹਨਤ ਕੀਤੀ ਜਾ ਰਹੀ ਹੈ। ਇਸ ਵਿਚਾਲੇ ਜਿੱਥੇ ਸਿਆਸੀ ਆਗੂਆਂ ਵੱਲੋਂ ਜਨਤਾ ’ਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਪਾਰਟੀ ਨੇਤਾਵਾਂ ਵੱਲੋਂ ਵੱਖ-ਵੱਖ ਧਾਰਮਿਕ ਸਥਾਨਾਂ ਵੱਲ ਵੀ ਰੁਖ਼ ਕੀਤਾ ਜਾ ਰਿਹਾ ਐ ਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡੇਰਾ ਬਿਆਸ ਪਹੁੰਚੇ ਜਿੱਥੇ ਉਨ੍ਹਾਂ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਦਰਮਿਆਨ ਦੋਵਾਂ ਵਿਚਾਲੇ ਕਈ ਅਹਿਮ ਵਿਸ਼ਿਆਂ ਨੂੰ ਲੈ ਕੇ ਚਰਚਾ ਹੋਈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕਰੀਬ 1 ਘੰਟਾ ਚਰਚਾ ਹੋਈ ਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਮੁੱਖ ਮੰਤਰੀ ਦਾ ਕਾਫਲਾ ਉਥੋਂ ਰਵਾਨਾ ਹੋ ਗਿਆ ਹੈ। ਸੀਐੱਮ ਮਾਨ ਤੇ ਬਾਬਾ ਗੁਰਿੰਦਰ ਸਿੰਘ ਢਿੱਲੋ ਦੀਆਂ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀਆਂ ਹਨ।
ਹਾਂਲਾਕਿ ਸ਼ੁਰੂ ਤੋਂ ਹੀ ਡੇਰਾ ਬਿਆਸ ਰਾਜਨੀਤੀ ਤੋਂ ਦੂਰ ਰਿਹਾ ਹੈ। ਬਾਵਜੂਦ ਇਸ ਦੇ ਹਰ ਵਾਰ ਦੀਆਂ ਚੌਣਾਂ ਤੋਂ ਪਹਿਲਾਂ ਸਿਆਸੀ ਨੇਤਾ ਜਰੂਰ ਡੇਰਾ ਬਿਆਸ ਆਸ਼ੀਰਵਾਦ ਲੈਣ ਲਈ ਪਹੁੰਚਦੇ ਰਹੇ ਹਨ ਤੇ ਇਸ ਵਾਰ ਵੀ ਕੁੱਝ ਇਸ ਤਰ੍ਹਾਂ ਦਾ ਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ, ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ, ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਚੰਡੀਗੜ੍ਹ ਤੋਂ ਕਾਂਗਰਸ ਮੈਂਬਰ ਪਾਰਲੀਮੈਂਟ ਉਮੀਦਵਾਰ ਮਨੀਸ਼ ਤਿਵਾੜੀ, ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਦਲਬੀਰ ਸਿੰਘ ਟੌਗ, ਵਲਟੋਹਾ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਅਤੇ ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਆਦਿ ਨੇਤਾ ਡੇਰਾ ਬਿਆਸ ਪ੍ਰਮੁੱਖ ਦੇ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕਰ ਚੁੱਕੇ ਹਨ।