ਜਲੰਧਰ/ਚੰਡੀਗੜ੍ਹ/ਮੋਹਾਲੀ–ਮੋਹਾਲੀ ਦੇ ਇੰਡਸਟਰੀਅਲ ਫੇਜ਼-9 ਵਿਚ ਇਕ ਫੈਕਟਰੀ ‘ਚ ਵੱਡਾ ਧਮਾਕਾ ਹੋਣ ਕਾਰਨ ਹੋਈ ਦੋ ਲੋਕਾਂ ਦੀ ਮੌਤ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੁੱਖ਼ ਜਤਾਉਂਦੇ ਕਿਹਾ ਕਿ ਮੁਹਾਲੀ ਦੇ ਇੰਡਸਟਰੀ ਏਰੀਆ ਫੇਜ਼ 9 ‘ਚ ਸਥਿਤ ਇਕ ਨਿਜੀ ਫੈਕਟਰੀ ‘ਚ ਆਕਸੀਜਨ ਸਿਲੰਡਰ ਫਟਣ ਦੌਰਾਨ ਵਾਪਰੇ ਵੱਡੇ ਹਾਦਸੇ ਦੀ ਖ਼ਬਰ ਮਿਲੀ ਹੈ। ਜਿਸ ਵਿੱਚ ਕੁਝ ਲੋਕਾਂ ਦੀ ਦੁੱਖ਼ਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਬਚਾਅ ਕਾਰਜਾਂ ‘ਤੇ ਮੈਂ ਪਲ ਪਲ ਦੀ ਅਪਡੇਟ ਲੈ ਰਿਹਾ ਹਾਂ। ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ‘ਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਜ਼ਿਕਰਯੋਗ ਹੈ ਕਿ ਮੋਹਾਲੀ ਦੇ ਇੰਡਸਟਰੀਅਲ ਫੇਜ਼-9 ਵਿਚ ਅੱਜ ਵੱਡਾ ਧਮਾਕਾ ਹੋਇਆ ਹੈ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਫੈਕਟਰੀ ਵਿਚ ਸਿਲੰਡਰ ਫੱਟਣ ਕਾਰਨ ਹੋਇਆ ਹੈ। ਇਹ ਧਮਾਕਾ ਇੰਨਾ ਜ਼ੋਰਦਾਰਦ ਸੀ ਕਿ ਇਸ ਵਿਚ 2 ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਨ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਹਿਲ ਗਈਆਂ। ਸੂਤਰਾਂ ਮੁਤਾਬਕ ਜਿਸ ਫੈਕਟਰੀ ਵਿਚ ਇਹ ਧਮਾਕਾ ਹੋਇਆ ਹੈ, ਉਹ ਐਕਸੀਜਨ ਸਿਲੰਡਰ ਦੀ ਫੈਕਟਰੀ ਹੈ।