ਜਲੰਧਰ–ਜਲੰਧਰ ਨਗਰ ਨਿਗਮ ਦੇ ਏ. ਟੀ. ਪੀ. (ਸਹਾਇਕ ਨਗਰ ਯੋਜਨਾਕਾਰ) ਸੁਖਦੇਵ ਵਸ਼ਿਸ਼ਟ ਦੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਕੀਤੀ ਗਈ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਪੱਸ਼ਟ ਸੰਦੇਸ਼ ਸਾਰੇ ਅਧਿਕਾਰੀਆਂ ਵਿਚ ਚਲਾ ਗਿਆ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਕੋਈ ਸਮਝੌਤਾ ਕਰਨ ਵਾਲੀ ਨਹੀਂ ਹੈ।
ਵਿਜੀਲੈਂਸ ਬਿਊਰੋ ਨੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਵਿਜੀਲੈਂਸ ਦੀ ਹਿਰਾਸਤ ਵਿਚ ਹੈ। ਮੁੱਖ ਮੰਤਰੀ ਭਗਵੰਤ ਮਾਨ ਕੋਲ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਕਿ ਜਲੰਧਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਿਚ ਇਕ ਵੱਡਾ ਘਪਲਾ ਪੈਦਾ ਹੋ ਰਿਹਾ ਹੈ। ਬਿਲਡਿੰਗ ਬ੍ਰਾਂਚ ਵੱਲੋਂ ਨਕਸ਼ੇ ਪਾਸ ਕਰਵਾਉਣ ਲਈ ਰਿਸ਼ਵਤ ਲਈ ਜਾ ਰਹੀ ਹੈ ਅਤੇ ਕਈ ਕਾਲੋਨਾਈਜ਼ਰਾਂ ’ਤੇ ਇਕ ‘ਆਪ’ ਆਗੂ ਦੀ ਸਵੱਲੀ ਨਜ਼ਰ ਕਾਰਨ ਕਾਫ਼ੀ ਮਿਹਰਬਾਨੀਆਂ ਕੀਤੀਆਂ ਗਈਆਂ ਹਨ
ਮੁੱਖ ਮੰਤਰੀ ਕੋਲ ਜਦੋਂ ਸ਼ਿਕਾਇਤਾਂ ਪਹੁੰਚੀਆਂ ਤਾਂ ਉਨ੍ਹਾਂ ਵਿਜੀਲੈਂਸ ਬਿਊਰੋ ਨੂੰ ਕਿਹਾ ਕਿ ਉਹ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ’ਤੇ ਨਜ਼ਰ ਰੱਖਣ। ਸੁਖਦੇਵ ਵਸ਼ਿਸ਼ਟ ਤੋਂ ਇਸ ਸਮੇਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏ. ਟੀ. ਪੀ. ਦੀ ਗ੍ਰਿਫ਼ਤਾਰੀ ਤੋਂ ਬਾਅਦ ਬਿਲਡਿੰਗ ਬ੍ਰਾਂਚ ਵਿਚ ਖਲਬਲੀ ਮਚੀ ਹੋਈ ਹੈ। ਹੁਣ ਸਾਰੇ ਆਗੂਆਂ ਦੀਆਂ ਨਜ਼ਰਾਂ ਸੁਖਦੇਵ ਵਸ਼ਿਸ਼ਟ ਵੱਲ ਲੱਗੀਆਂ ਹੋਈਆਂ ਹਨ ਕਿ ਉਹ ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਕੀ ਬਿਆਨ ਦਿੰਦੇ ਹਨ। ਜੇਕਰ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇਕ ਆਗੂ ਦਾ ਨਾਂ ਲੈਂਦੇ ਹਨ ਤਾਂ ਇਸ ਨਾਲ ਭ੍ਰਿਸ਼ਟਾਚਾਰ ਦੀਆਂ ਕਈ ਹੋਰ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ।