ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਪਾਣੀਆਂ ਦੇ ਮੁੱਦੇ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀਆਂ ਦਾ ਕੋਈ 2-3 ਸਾਲਾਂ ਦਾ ਮਸਲਾ ਨਹੀਂ ਹੈ, ਸਗੋਂ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਹੈ। ਉਨ੍ਹਾਂ ਨੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਹਰੀ ਕ੍ਰਾਂਤੀ ਦੌਰਾਨ ਪੰਜਾਬ ਨੇ ਦੇਸ਼ ਦੇ ਭੰਡਾਰ ਭਰ ਦਿੱਤੇ ਪਰ ਪਤਾ ਉਦੋਂ ਲੱਗਿਆ, ਜਦੋਂ ਸਾਡੀ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਅਤੇ ਸਾਨੂੰ ਹਰੀ ਕ੍ਰਾਂਤੀ ਬੇਹੱਦ ਮਹਿੰਗੀ ਪਈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਸੂਏ, ਕੱਸੀਆਂ ਦੁਬਾਰਾ ਚਲਾਈਆਂ ਹਨ। ਅੱਜ ਨਹਿਰਾਂ ਦਾ ਪਾਣੀ 60 ਫ਼ੀਸਦੀ ਤੋਂ ਉੱਪਰ ਇਸਤੇਮਾਲ ਹੋਣ ਲੱਗ ਪਿਆ ਹੈ ਅਤੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਪੰਜਾਬ 2014-15 ‘ਚ 70 ਫ਼ੀਸਦੀ ਪਾਣੀ ਇਸਤੇਮਾਲ ਕਰਦਾ ਸੀ ਅਤੇ ਫਿਰ 2024-25 ‘ਚ 91 ਫ਼ੀਸਦੀ ਨਹਿਰਾਂ ਦਾ ਪਾਣੀ ਇਸਤੇਮਾਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਤੋ-ਰਾਤ ਬੀ. ਬੀ. ਐੱਮ. ਦੀ ਬੈਠਕ ਬੁਲਾ ਲਈ ਗਈ ਅਤੇ ਪੰਜਾਬ ਨਾਲ ਧੱਕਾ ਕੀਤਾ ਗਿਆ। ਉਨ੍ਹਾਂ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਅਜੇ ਤੱਕ ਸਪੱਸ਼ਟ ਨਹੀਂ ਕਰ ਪਾ ਰਹੀ ਕਿ ਉਹ ਕਿੱਧਰ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪਾਣੀਆਂ ਦਾ ਰਾਖਾ ਤਾਂ ਭਾਜਪਾ ‘ਚ ਫਿਰਦਾ ਹੈ।