ਐਂਟਰਟੇਨਮੈਂਟ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਨੀਵਾਰ ਨੂੰ ਸੈਕਟਰ-34 ਸਥਿਤ ਪ੍ਰਦਰਸ਼ਨੀ ਗਰਾਊਂਡ ‘ਚ ਹੋਣ ਵਾਲੇ ਦਿਲਜੀਤ ਦੋਸਾਂਝ ਦੇ ਕੰਸਰਟ ‘ਚ ਸ਼ਿਰਕਤ ਕਰਨਗੇ। ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਮਾਗਮ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਪ੍ਰੋਗਰਾਮ ‘ਚ ਹਾਜ਼ਰ ਹੋਣਗੇ। ਚੰਡੀਗੜ੍ਹ ਪੁਲਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਇਸ ਸਬੰਧੀ ਵਿਸ਼ੇਸ਼ ਪ੍ਰਬੰਧ ਕਰਨ ‘ਚ ਲੱਗੇ ਹੋਏ ਹਨ। ਡੀਜੀਪੀ ਸੁਰਿੰਦਰ ਸਿੰਘ ਯਾਦਵ ਨੇ ਖੁਦ ਪ੍ਰੋਗਰਾਮ ਵਾਲੀ ਥਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਨਾਲ ਪੁਲਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਦੱਸ ਦੇਈਏ ਕਿ ਵੀਰਵਾਰ ਤਕ ਪ੍ਰੋਗਰਾਮ ‘ਚ ਚੰਡੀਗੜ੍ਹ ਪੁਲਸ ਦੇ ਅਧਿਕਾਰੀਆਂ ਸਮੇਤ 1200 ਦੇ ਕਰੀਬ ਜਵਾਨ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਤੇ ਹੋਰ ਵੱਡੇ ਨੇਤਾਵਾਂ ਤੇ ਉਦਯੋਗਪਤੀਆਂ ਦੇ ਆਉਣ ਦੀ ਸੂਚਨਾ ‘ਤੇ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ।
ਸੁਰੱਖਿਆ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਗਿਣਤੀ ਵੀ 1200 ਤੋਂ ਵਧਾ ਕੇ 2500 ਕਰ ਦਿੱਤੀ ਗਈ ਹੈ। ਪ੍ਰੋਗਰਾਮ ‘ਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਆਮਦ ਕਾਰਨ ਹਰਿਆਣਾ ਤੇ ਪੰਜਾਬ ਪੁਲਸ ਵੀ ਸੁਰੱਖਿਆ ਪ੍ਰਬੰਧਾਂ ‘ਚ ਤਾਇਨਾਤ ਰਹੇਗੀ। ਦੋਵਾਂ ਸੂਬਿਆਂ ਦੇ ਅਧਿਕਾਰੀ ਜਾਂਚ ਲਈ ਘਟਨਾ ਸਥਾਨ ‘ਤੇ ਪਹੁੰਚਣਗੇ। ਉੱਥੇ ਹੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੇ ਸ਼ਨੀਵਾਰ ਨੂੰ ਸੈਕਟਰ-34 ਪ੍ਰਦਰਸ਼ਨੀ ਮੈਦਾਨ, ਚੰਡੀਗੜ੍ਹ ਵਿਖੇ ਹੋਣ ਵਾਲੇ ਸਮਾਰੋਹ ਨੂੰ ਮਨਜ਼ੂਰੀ ਦੇ ਦਿੱਤੀ ਹੈ।