ਅੰਮ੍ਰਿਤਸਰ -ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਿੰਗ ਕਾਰਟੇਲ ਦਾ ਪਰਦਾਫਾਸ਼ ਕਰਦਿਆਂ ਇਕ ਨਸ਼ਾ ਸਮੱਗਲਰ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਮੇਜ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭਿੰਡੀ ਸੈਦਾਂ ਵਜੋਂ ਹੋਈ ਹੈ। ਪੁਲਸ ਨੇ ਜਾਂਚ ਦੌਰਾਨ ਉਸ ਕੋਲੋ ਸਾਢੇ 3 ਕਿਲੋ ਹੈਰੋਇਨ, 1 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਤਲਾਹ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏ.ਡੀ.ਸੀ.ਪੀ. ਸਿਟੀ-2 ਅਭਿਮਨਿਊ ਰਾਣਾ ਦੀ ਅਗਵਾਈ ਹੇਠ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਰੋਬਿਨ ਹੰਸ ਦੀ ਟੀਮ ਵਲੋਂ ਮੁਲਜ਼ਮ ਨੂੰ ਕਾਬੂ ਕੀਤਾ ਗਿਆ।
ਦੱਸਣਯੋਗ ਹੈ ਕਿ ਮੁਲਜ਼ਮ ਗੁਰਮੇਜ ਸਿੰਘ ਦੇ ਪਾਕਿਸਤਾਨ ਆਧਾਰਿਤ ਨਸ਼ਾ ਸਮੱਗਲਰਾਂ ਨਾਲ ਸਿੱਧੇ ਸੰਪਰਕ ਸਾਹਮਣੇ ਆਏ ਹਨ ਅਤੇ ਉਹ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਰੁਝਾਨ ਲਈ ਡਰੋਨਾਂ ਦੀ ਵਰਤੋਂ ਵੀ ਕਰਦਾ ਸੀ। ਕਮਿਸ਼ਨਰ ਢਿੱਲੋਂ ਨੇ ਦੱਸਿਆ ਕਿ ਇਸ ਮੁਲਜ਼ਮ ਵਲੋਂ ਸਾਲ 2012 ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਆਪਣੇ ਘਰ ਵਿਚ ਪਨਾਹ ਦਿੱਤੀ ਸੀ ਅਤੇ ਸਾਲ 2021 ਵਿਚ ਇਸ ਕੋਲੋਂ 15 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।