ਜਲੰਧਰ – ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਮਹੱਤਵਪੂਰਨ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਚੰਡੀਗੜ੍ਹ ਤੋਂ ਲਿਆਂਦੀ ਗੈਰ-ਕਾਨੂੰਨੀ ਸ਼ਰਾਬ ਦੀਆਂ 100 ਪੇਟੀਆਂ ਦੀ ਵੱਡੀ ਖੇਪ ਨੂੰ ਫੜ੍ਹਿਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਤਲਾਹ ਮਿਲਣ ’ਤੇ ਗਸ਼ਤ ਕਰ ਰਹੀ ਪੁਲਸ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਅਤੇ ਪੁਲਸ ਸਟੇਸ਼ਨ ਬਸਤੀ ਬਾਵਾ ਖੇਲ ਵੱਲੋਂ ਐਕਸਾਈਜ਼ ਐਕਟ ਤਹਿਤ ਐੱਫ਼. ਆਈ. ਆਰ. ਨੰਬਰ 204 ਮਿਤੀ 17 ਦਸੰਬਰ 2024 ਨੂੰ ਦਰਜ ਕੀਤੀ ਗਈ।
ਪੁਲਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਛਾਪੇਮਾਰੀ ਦੌਰਾਨ 100 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਜਿਸ ਵਿੱਚ 95 ਪੇਟੀਆਂ ‘ਲੰਡਨ ਪਰਾਈਡ’ ਅਤੇ 5 ਪੇਟੀਆਂ ‘ਇੰਪੀਰੀਅਲ ਸਟਾਈਲ ਬਲੈਂਡਿਡ ਵਿਸਕੀ’ ਜੋ ਖ਼ਾਸ ਕਰਕੇ ਚੰਡੀਗੜ੍ਹ ਵਿਖੇ ਹੀ ਵਿਕਰੀ ਲਈ ਯੋਗ ਸਨ ਫੜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਸੰਜੀਵ ਕੁਮਾਰ ਉਰਫ਼ ਸੰਜੂ ਨਿਊ ਗੌਤਮ ਨਗਰ ਅਤੇ ਜਲੰਧਰ ਤੋਂ ਡਾ. ਜਸਬੀਰ ਸਿੰਘ ਆਨੰਦ ਅਜੇ ਪੁਲਿਸ ਦੀ ਪਕੜ ਵਿੱਚ ਨਹੀਂ ਆਏ ਹਨ।
ਪੁਲਸ ਕਮਿਸ਼ਨਰ ਵਲੋਂ ਭਵਿੱਖ ਵਿੱਚ ਵੀ ਗੈਰ ਕਾਨੂੰਨੀ ਸ਼ਰਾਬ ਦੀ ਸਮੱਗਲਿੰਗ ’ਤੇ ਸਖ਼ਤ ਕਾਰਵਾਈ ਅਤੇ ਮੁਲਜ਼ਮਾਂ ਨੂੰ ਫੜਨ ਲਈ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਇਹ ਵੱਡੀ ਸਫ਼ਲਤਾ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸਰਗਰਮ ਯਤਨਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਇਸ ਸਬੰਧੀ ਹੋਰ ਛਾਣਬੀਣ ਕੀਤੀ ਜਾ ਰਹੀ ਹੈ।