ਪਹਿਲੀ ਵਾਰ ਕੇਂਦਰੀ ਰਾਜ ਮੰਤਰੀ ਅਤੇ ਸਾਂਸਦ ਬਣੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਰਾਜਸਭਾ ਸਪੀਕਰ ਨੂੰ ਸ਼ਿਕਾਇਤ ਮਿਲੀ ਹੈ। ਰਵਨੀਤ ਸਿੰਘ ਬਿੱਟੂ ’ਤੇ ਸੋਨੀਆਂ ਗਾਂਧੀ ਲਈ ਗੈਰ-ਸੰਸਦੀ ਭਾਸ਼ਾ ਵਰਤਣ ਦੇ ਇਲਜ਼ਾਮ ਲੱਗੇ ਹਨ। ਅਸਾਮ ਦੇ ਜੋਰਹਾਟ ਸੀਟ ਤੋਂ ਸੰਸਦ ਮੈਂਬਰ ਗੌਰਵ ਗੋਗੋਈ ਨੇ ਬਿੱਟੂ ਵੱਲੋਂ ਸੋਨੀਆਂ ਗਾਂਧੀ ਲਈ ਵਰਤੀ ਗਈ ਭਾਸ਼ਾ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਚਿੱਠੀ ’ਚ ਗੌਰਵ ਗੋਗੋਈ ਨੇ ਬਿੱਟੂ ਤੋਂ ਇਲਾਵਾ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਅਤੇ ਨਿਸ਼ੀਕਾਂਤ ਦੂਬੇ ਖ਼ਿਲਾਫ਼ ਵੀ ਸ਼ਿਕਾਇਤ ਕੀਤੀ ਹੈ।
ਸੰਸਦ ਮੈਂਬਰ ਗੋਗਈ ਨੇ ਸ਼ਿਕਾਇਤ ‘ਚ ਲਿਖਿਆ ਹੈ ਕਿ ਮੈਂ ਲੋਕ ਸਭਾ ‘ਚ ਸੰਸਦੀ ਆਚਰਣ ਦੇ ਡਿੱਗਦੇ ਮਿਆਰ ‘ਤੇ ਆਪਣੀ ਡੂੰਘੀ ਚਿੰਤਾ ਜ਼ਾਹਿਰ ਕਰਨ ਲਈ ਚਿੱਠੀ ਲਿਖ ਰਿਹਾ ਹਾਂ। ਅਕਸਰ, ਸਰਕਾਰ ਦੇ ਮੰਤਰੀ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਿਰੁੱਧ ਗੈਰ-ਸੰਸਦੀ, ਇਤਰਾਜ਼ਯੋਗ ਅਤੇ ਧਮਕੀ ਭਰੀਆਂ ਟਿੱਪਣੀਆਂ ਕਰਦੇ ਹਨ। ਮੈਂ ਤਿੰਨ ਉਦਾਹਰਣਾਂ ਨੂੰ ਉਜਾਗਰ ਕਰਨਾ ਚਾਹਾਂਗਾ, ਜੋ ਹੇਠ ਲਿਖੇ ਅਨੁਸਾਰ ਹਨ,,,,,,,,
26 ਜੁਲਾਈ: ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਭੂਪੇਂਦਰ ਸਿੰਘ ਹੁੱਡਾ, ਜੋ ਸਦਨ ਦੇ ਮੈਂਬਰ ਨਹੀਂ ਹਨ, ਵਿਰੁੱਧ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ।
25 ਜੁਲਾਈ: ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੋਨੀਆ ਦਾ ਜ਼ਿਕਰ ਕਰਦੇ ਹੋਏ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕੀਤੀ।
25 ਜੁਲਾਈ: ਸਦਨ ਵਿੱਚ ਆਪਣੇ ਦਖਲ ਦੌਰਾਨ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਅਤਿਅੰਤ ਫਿਰਕੂ ਭਾਸ਼ਾ ਦੀ ਵਰਤੋਂ ਕੀਤੀ।