ਅਹਿਮਦਾਬਾਦ- ਅਹਿਮਦਾਬਾਦ ਵਿਖੇ 12 ਜੂਨ ਨੂੰ ਵਾਪਰੇ ਭਿਆਨਕ ਜਹਾਜ਼ ਹਾਦਸੇ ਨੇ ਕਈ ਪਰਿਵਾਰ ਤਬਾਹ ਕਰ ਦਿੱਤੇ ਹਨ। ਪੂਰੇ ਦੇਸ਼ ਵਿਚ ਇਸ ਹਾਦਸੇ ਨੂੰ ਲੈ ਕੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਅਜੇ ਵੀ ਇਸ ਦਿਲ ਦਹਿਲਾ ਦੇਣ ਵਾਲੇ ਘਟਨਾ ਤੋਂ ਉਬਰੇ ਨਹੀਂ ਹਨ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਗੁਜਰਾਤੀ ਫਿਲਮ ਨਿਰਦੇਸ਼ਕ ਮਹੇਸ਼ ਕਲਾਵਾਡੀਆ ਉਰਫ਼ ਮਹੇਸ਼ ਜੀਰਾਵਾਲਾ ਵੀ ਇਸ ਜਹਾਜ਼ ਹਾਦਸੇ ਵਿਚ ਮਾਰੇ ਗਏ ਹਨ। ਹਾਦਸੇ ਤੋਂ ਬਾਅਦ ਉਹ ਲਾਪਤਾ ਸਨ ਅਤੇ ਉਨ੍ਹਾਂ ਦਾ ਮੋਬਾਈਲ ਫ਼ੋਨ ਵੀ ਹਾਦਸੇ ਵਾਲੀ ਥਾਂ ‘ਤੇ ਆਖ਼ਰੀ ਵਾਰ ਐਕਟਿਵ ਮਿਲਿਆ ਸੀ। ਹੁਣ ਡੀ.ਐੱਨ.ਏ. ਟੈਸਟ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਲਾਸ਼ ਦੀ ਪਛਾਣ ਹੋ ਗਈ ਹੈ।
ਸ਼ੁਰੂ ਵਿੱਚ ਉਨ੍ਹਾਂ ਦੀ ਪਤਨੀ ਹੇਤਲ ਨੇ ਦੱਸਿਆ ਸੀ ਕਿ ਉਹ 12 ਜੂਨ ਦੀ ਦੁਪਹਿਰ ਨੂੰ ਲਾਅ ਗਾਰਡਨ ਇਲਾਕੇ ‘ਚ ਕਿਸੇ ਨਾਲ ਮਿਲਣ ਗਏ ਹੋਏ ਸਨ। ਉਨ੍ਹਾਂ ਨੇ ਮੈਨੂੰ ਦੁਪਹਿਰ 1:14 ਵਜੇ ਕਾਲ ਕਰਕੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਮੁਕ ਗਈ ਹੈ ਅਤੇ ਹੁਣ ਉਹ ਘਰ ਵਾਪਸ ਆ ਰਹੇ ਹਨ। ਪਰ ਜਦੋਂ ਉਹ ਘਰ ਨਹੀਂ ਪਹੁੰਚੇ ਤਾਂ ਮੈਂ ਉਨ੍ਹਾਂ ਨੂੰ ਕਾਲ ਕੀਤੀ, ਪਰ ਮੋਬਾਈਲ ਬੰਦ ਸੀ।