ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਦੀ ਲੜਾਈ ਵਿਚ ਪੰਜਾਬ ਸਰਕਾਰ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਾਰਿਆਂ ਨੂੰ ਸਿਆਸੀ ਵਖਰੇਵੇਂ ਛੱਡ ਕੇ ਪੰਜਾਬ ਦੀ ਲੜਾਈ ਇਕਜੁੱਟ ਹੋ ਕੇ ਲੜਣ ਦੀ ਅਪੀਲ ਵੀ ਕੀਤੀ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ ਤੇ ਪੰਜਾਬ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਅਗਨੀਵੀਰ ਯੋਜਨਾ, 3 ਖੇਤੀਬਾੜੀ ਕਾਨੂੰਨਾਂ, RDF ਸਮੇਤ ਕਈ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਪੰਜਾਬ ਦੀ ਪਛਾਣ ‘ਜੈ ਜਵਾਨ ਜੈ ਕਿਸਾਨ’ ਸੀ। ਪਹਿਲਾਂ ਕੇਂਦਰ ਨੇ ਅਗਨੀਵੀਰ ਯੋਜਨਾ ਲਿਆ ਕੇ ਭਰਤੀ ਖ਼ਤਮ ਕਰ ਦਿੱਤੀ। ਉਹ ਵਿਦੇਸ਼ ਜਾਣ ਨੂੰ ਮਜਬੂਰ ਹੋ ਗਏ। ਸਾਡੀ ਕਿਸਾਨੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਤਿੰਨ ਕਾਲੇ ਕਾਨੂੰਨ ਲਿਆਂਦੇ, ਜਿਸ ਲਈ ਸਾਰਾ ਪੰਜਾਬੀ ਭਾਈਚਾਰਾ ਕਿਸਾਨਾਂ ਨਾਲ ਇਕੱਠਾ ਹੋਇਆ ਤਾਂ ਉਹ ਕਾਨੂੰਨ ਰੱਦ ਕਰਨੇ ਪਏ। ਪਰ ਉਦੋਂ ਕੀਤੇ ਹੋਏ ਵਾਅਦੇ ਅਜੇ ਤਕ ਲਾਗੂ ਨਹੀਂ ਹੋਏ।