ਅਮਨ ਅਰੋੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਹੋਏ ਵਿਰੋਧ ਪ੍ਰਦਰਸ਼ਨ ਨੇ ਪੰਜਾਬ ਦੀ ਰਾਜਨੀਤਿਕ ਧਰਤੀ ਨੂੰ ਝੰਝੋੜ ਦਿੱਤਾ ਹੈ।
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਭੜਕਾਊ ਅਤੇ ਬੇਬੁਨਿਆਦ ਬਿਆਨਾਂ ਦੇ ਸੰਦਰਭ ਵਿੱਚ ਆਮ ਆਦਮੀ ਪਾਰਟੀ ਦੀ ਉੱਚ ਪੱਧਰੀ ਪ੍ਰਤੀਕ੍ਰਿਆ ਨਾ ਸਿਰਫ਼ ਇੱਕ ਰਾਜਨੀਤਿਕ ਮੂੰਹਤੋੜ ਜਵਾਬ ਸੀ, ਸਗੋਂ ਇਹ ਪੰਜਾਬ ਵਿੱਚ ਵਿਘਨ ਪੈਦਾ ਕਰਨ ਵਾਲੀਆਂ ਤਾਕਤਾਂ ਵਿਰੁੱਧ ਇੱਕ ਜਨਤਕ ਚੇਤਨਾ ਦੀ ਲਹਿਰ ਵੀ ਬਣ ਗਈ। ਇਹ ਪ੍ਰਦਰਸ਼ਨ ਪੰਜਾਬੀ ਸਿਆਸਤ ਦੇ ਨਕਸ਼ੇ ‘ਤੇ ਇੱਕ ਨਵੀਂ ਚੇਤੰਨ ਰੀਤ ਦੀ ਸ਼ੁਰੂਆਤ ਵਾਂਗ ਉਭਰਿਆ ਹੈ, ਜਿੱਥੇ ਦਾਅਵੇ ਅਤੇ ਬਿਆਨਬਾਜ਼ੀ ਤੋਂ ਉਪਰ ਉੱਠ ਕੇ ਜਵਾਬਦੇਹੀ ਦੀ ਮੰਗ ਕੀਤੀ ਗਈ ਹੈ।
ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ ਗ੍ਰਨੇਡਾਂ ਦੀ ਮੌਜੂਦਗੀ ਬਾਰੇ ਦਿੱਤਾ ਗਿਆ ਬਿਆਨ, ਜੋ ਕਿ ਕਿਸੇ ਵੀ ਸਥਾਪਤ ਜਾਂ ਪ੍ਰਮਾਣਤ ਸ੍ਰੋਤਾਂ ਦੇ ਅਧਾਰਤ ਨਹੀਂ ਸੀ, ਇੱਕ ਅਜਿਹਾ ਗੈਰ ਜਿੰਮੇਵਾਰੀ ਵਾਲਾ ਬਿਆਨ ਸੀ ਜੋ ਰਾਜਨੀਤਿਕ ਮਕਸਦਾਂ ਦੀ ਪੂਰੀ ਨੀਅਤ ਤੇ ਸਵਾਲ ਚੁੱਕਦਾ ਹੈ।
ਅਮਨ ਅਰੋੜਾ ਵੱਲੋਂ ਉਨ੍ਹਾਂ ਲਈ ਰੱਖੇ ਗਏ ਦੋ ਸਪੱਸ਼ਟ ਰਾਇ ਕਿ ਜਾਂ ਤਾਂ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਜਾਂ ਮੁਆਫੀ ਮੰਗੀ ਜਾਵੇ, ਇਸ ਗੱਲ ਦੀ ਪੁਸ਼ਟੀ ਹੈ ਕਿ ਹੁਣ ਪੰਜਾਬ ਦੀ ਰਾਜਨੀਤੀ ਵਿੱਚ ਖੁੱਲ੍ਹੇ ਇਲਜ਼ਾਮਾਂ ਲਈ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।
ਇਹ ਐਲਾਨ ਸਿਰਫ਼ ਇੱਕ ਆਗੂ ਦੀ ਗੱਲ ਨਹੀਂ ਸੀ, ਇਹ ਇੱਕ ਪਾਰਟੀ ਦੀ ਵਚਨਬੱਧਤਾ ਸੀ ਜੋ ਸੂਬੇ ਦੀ ਸ਼ਾਂਤੀ ਨੂੰ ਅੱਖ ਦੇ ਤਾਰੇ ਵਾਂਗ ਸੰਭਾਲਣਾ ਚਾਹੁੰਦੀ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਦਹਿਸ਼ਤ ਦਾ ਹਵਾਲਾ ਦੇਣਾ ਕੋਈ ਸਾਦੀ ਰਾਜਨੀਤਿਕ ਚਾਲ ਨਹੀਂ, ਸਗੋਂ ਇੱਕ ਘਿਨੌਣਾ ਯਤਨ ਹੈ ਜੋ ਸੂਬੇ ਦੀ ਤਰੱਕੀ ਅਤੇ ਸਥਿਰਤਾ ਨੂੰ ਝੁੰਝੋੜ ਸਕਦਾ ਹੈ।
ਜਦੋਂ ਕਿਸੇ ਆਗੂ ਕੋਲ ਖ਼ਤਰੇ ਬਾਰੇ ਕੋਈ ਗੰਭੀਰ ਜਾਣਕਾਰੀ ਹੋਵੇ, ਤਾਂ ਉਹਦੀ ਜਵਾਬਦੇਹੀ ਬਣਦੀ ਹੈ ਕਿ ਉਹ ਖੁਫ਼ੀਆ ਏਜੰਸੀਆਂ ਜਾਂ ਪੁਲਿਸ ਨਾਲ ਇਸਨੂੰ ਸਾਂਝਾ ਕਰੇ, ਨਾ ਕਿ ਮੀਡੀਆ ਰਾਹੀਂ ਇਕ ਅਣਜਾਣ ਡਰ ਅਤੇ ਗੁੰਮਰਾਹੀ ਫੈਲਾਏ। ਇਹ ਰਵੱਈਆ ਸਿਰਫ਼ ਇੱਕ ਰਾਜਨੀਤਿਕ ਦਿਲਾਸਾ ਨਹੀਂ ਸੀ, ਇਹ ਸੂਬੇ ਦੀਆਂ ਖ਼ੁਫ਼ੀਆ ਸੇਵਾਵਾਂ ਅਤੇ ਲੋਕਾਂ ਦੇ ਭਰੋਸੇ ਉੱਤੇ ਕੀਤਾ ਗਿਆ ਹਮਲਾ ਸੀ।
ਇਸ ਪੂਰੇ ਮਾਮਲੇ ਵਿੱਚ ਸਭ ਤੋਂ ਚਿੰਤਾਜਨਕ ਪੱਖ ਇਹ ਹੈ ਕਿ ਜਦੋਂ ਕੋਈ ਆਗੂ ਅਜਿਹੇ ਦਾਅਵੇ ਕਰਦਾ ਹੈ, ਉਹ ਸਿਰਫ਼ ਆਪਣੀ ਵਿਰੋਧੀ ਪਾਰਟੀ ਨੂੰ ਹੀ ਨਹੀਂ, ਸਗੋਂ ਸੂਬੇ ਦੀ ਆਮ ਜਨਤਾ ਦੇ ਮਨ ਵਿੱਚ ਅਸ਼ਾਂਤੀ ਦਾ ਬੀਜ ਸੁੱਟਦਾ ਹੈ ਤਾਂ ਕੋਈ ਵੀ ਜਿੱਮੇਵਾਰ ਸਰਕਾਰ ਇਸ ਨੂੰ ਚੁੱਪ ਬੈਠ ਕੇ ਨਹੀਂ ਦੇਖਦੀ ਰਹੇਗੀ।
ਪੰਜਾਬ ਪਿਛਲੇ ਕਈ ਦਹਾਕਿਆਂ ਤੱਕ ਨਸ਼ਿਆਂ, ਗੈਂਗਸਟਰਾਂ ਅਤੇ ਭ੍ਰਿਸ਼ਟਾਚਾਰ ਦੀ ਮਾਰ ਹੇਠ ਦਰੜਿਆ ਜਾ ਰਿਹਾ ਹੈ, ਅਤੇ ਜਦੋਂ ਸਰਕਾਰ ਸੂਬੇ ਨੂੰ ਮਾਰੂ ਹਾਲਾਤ ਵਿਚੋਂ ਬਾਹਰ ਕੱਢਣ ਲਈ ਦਿਰੜ ਇਰਾਦੇ ਨਾਲ ਲੜ ਰਹੀ ਹੋਵੇ ਤਾਂ ਇਸ ਮੌਕੇ ਅਜਿਹੇ ਬਿਆਨ, ਜੋ ਬਿਨਾਂ ਕਿਸੇ ਸਬੂਤ ਦੇ ਉਛਲਾਏ ਜਾਂਦੇ ਹਨ, ਸੂਬੇ ਦੇ ਨਵੇਂ ਰਾਹ ‘ਤੇ ਚੱਲ ਰਹੇ ਯਤਨਾਂ ਨੂੰ ਹਟਾਉਣ ਦੀ ਕੋਸ਼ਿਸ਼ ਹਨ।
ਇਹ ਵਿਰੋਧ ਪ੍ਰਦਰਸ਼ਨ ਇੱਕ ਸਾਵਧਾਨੀ ਸੂਚਕ ਸਨੈਹਾ ਵੀ ਸੀ ਕਿ ਆਮ ਆਦਮੀ ਪਾਰਟੀ ਹੁਣ ਪਿਛਲੇ ਵਾਅਦਿਆਂ ਦੀ ਪੂਰਤੀ ਨਾਲ ਰਾਜਨੀਤਿਕ ਆਗੂ ਨਹੀਂ ਬਣ ਰਹੀ, ਸਗੋਂ ਉਹ ਪੰਜਾਬੀ ਲੋਕਾਂ ਦੀ ਸ਼ਾਂਤੀ ਅਤੇ ਸੁਖ-ਚੈਨ ਲਈ ਇੱਕ ਜਿੰਮੇਵਾਰ ਸਰਕਾਰ ਦੀ ਭੂਮਿਕਾ ਨਿਭਾ ਰਹੀ ਹੈ। ਇਸ ਪ੍ਰਦਰਸ਼ਨ ਦੀ ਹਾਜ਼ਰੀ ਵਿੱਚ ਹਜ਼ਾਰਾਂ ਵਰਕਰਾਂ ਅਤੇ ਆਗੂਆਂ ਦੀ ਹਿਸੇਦਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਮਾਮਲਾ ਸਿਰਫ਼ ਇੱਕ ਆਗੂ ਦੀ ਦਿਲਾਜ਼ਾਰੀ ਨਹੀਂ, ਸਗੋਂ ਸੂਬੇ ਦੀ ਅਖੰਡਤਾ ਅਤੇ ਜਨਤਕ ਭਰੋਸੇ ਦੀ ਰਾਖੀ ਦਾ ਮੁੱਦਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ਦੇ ਬਿਆਨਾਂ ਨੂੰ ਸਾਜ਼ਿਸ਼ ਕਿਹਾ ਸੀ ਅਤੇ ਇਸ ਬਿਆਨ ਨੂੰ ਸੂਬੇ ਲਈ ਖਤਰਨਾਕ ਦੱਸਿਆ ਸੀ। ਸਰਕਾਰ ਦੇ ਬਿਆਨਾਂ ਤੋਂ ਸਪਸ਼ਟ ਹੈ ਸਰਕਾਰ ਪ੍ਰਤਾਪ ਸਿੰਘ ਬਾਜਵਾ ਨੂੰ ਢਿੱਲਾ ਨਹੀਂ ਛੱਡੇਗੀ।
‘ਆਪ’ ਦਾ ਕਹਿਣਾ ਹੈ ਕਿ ਦਰ ਅਸਲ ਕਾਂਗਰਸ ਅਤੇ ਉਸ ਦੇ ਸਹਿਯੋਗੀ ਆਮ ਆਦਮੀ ਪਾਰਟੀ ਦੀ ਤਰੱਕੀ ਨੂੰ ਸਹਿਨ ਨਹੀਂ ਕਰ ਪਾ ਰਹੇ, ਉਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸੂਬੇ ਦੀ ਸਥਿਰਤਾ ਨੂੰ ਖ਼ਤਰਾ ਕੇਵਲ ਬਾਹਰੀ ਤਾਕਤਾਂ ਤੋਂ ਨਹੀਂ, ਸਗੋਂ ਅੰਦਰੂਨੀ ਰਾਜਨੀਤਿਕ ਪਾਰਟੀਆਂ ਤੋਂ ਵੀ ਹੈ।
ਜਦੋਂ ਇੱਕ ਰਾਜਨੀਤਿਕ ਪਾਰਟੀ ਆਪਣੀ ਸਰਕਾਰ ਦੀ ਪ੍ਰਾਪਤੀਆਂ—ਜਿਵੇਂ ਨਸ਼ੇ ਉੱਤੇ ਨਿਯੰਤਰਣ, ਗੈਂਗਸਟਰ ਇਲਾਕਿਆਂ ‘ਚ ਛਾਪੇਮਾਰੀ, ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੀ ਗੱਲ ਕਰਦੀ ਹੈ, ਤਾਂ ਇਹ ਲੋੜ ਬਣ ਜਾਂਦੀ ਹੈ ਕਿ ਉਨ੍ਹਾਂ ਉਪਰ ਝੂਠੇ ਦੋਸ਼ ਨਾ ਲਾਏ ਜਾਣ। ਇਹ ਸਮਾਂ ਹੈ ਜਦੋਂ ਪੰਜਾਬ ਨੂੰ ਚੋਟਾਂ ਨਹੀਂ, ਇਲਾਜ ਚਾਹੀਦਾ ਹੈ। ਵਿਘਨ ਨਹੀਂ, ਸਥਿਰਤਾ ਚਾਹੀਦੀ ਹੈ ਅਤੇ ਭਿਆਨਕ ਦਾਅਵੇ ਨਹੀਂ, ਸਚਾਈ ਅਤੇ ਜਵਾਬਦੇਹੀ ਦੀ ਲੋੜ ਹੈ।
ਪੰਜਾਬ ਨੇ ਕਾਫ਼ੀ ਦੁੱਖ ਝੱਲੇ ਹਨ,” ਇਹ ਸਿਰਫ਼ ਇੱਕ ਲਫ਼ਜ਼ ਨਹੀਂ, ਇਹ ਪੰਜਾਬ ਦੀ ਜਨਤਾ ਦੇ ਮਨ ਦੀ ਅਵਾਜ਼ ਹੈ। ਇਹ ਆਮ ਆਦਮੀ ਪਾਰਟੀ ਦੀ ਨਹੀਂ, ਸੂਬੇ ਦੀ ਰੂਹ ਦੀ ਗੂੰਜ ਹੈ। ਇੱਕ ਅਜਿਹੀ ਗੂੰਜ ਜੋ ਆਸ ਕਰਦੀ ਹੈ ਕਿ ਮੌਜੂਦਾ ਸਿਆਸਤ ਇਮਾਨਦਾਰੀ, ਜਵਾਬਦੇਹੀ ਅਤੇ ਸ਼ਾਂਤੀ ਦੀ ਰੀਤ ਅਪਣਾਏਗੀ, ਨਾ ਕਿ ਡਰ ਅਤੇ ਗੁੰਮਰਾਹੀ ਦੀ।