ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਅੱਜ ਜਿੱਥੇ ਆਪਣੇ ਸਰਕਾਰ ਦੇ ਕੰਮਾਂ ਦਾ ਗੁਣਗਾਣ ਕੀਤਾ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਵਿਰੋਧੀ ਧਿਰ ਕਾਂਗਰਸ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪਿਛਲੇ 60 ਸਾਲਾਂ ’ਚ ਕਾਂਗਰਸ ਸਰਕਾਰ ਗਰੀਬਾਂ ਦੇ ਹਿੱਤ ਵਿੱਚ ਵਿੱਚ ਓਨਾ ਕੰਮ ਨਹੀਂ ਕਰ ਸਕੀ, ਜਿੰਨਾ ਪਿਛਲੇ 10 ਸਾਲਾਂ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੀਤਾ ਗਿਆ ਹੈ। ਕਾਂਗਰਸ ਨੇ ਗਰੀਬਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਕੇ ਵੋਟਾਂ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਹੈ। ਚੋਣਾਂ ਵਿੱਚ ਵਿਰੋਧੀ ਧਿਰ ਨੇ ਜਨਤਾ ਨੂੰ ਗੁੰਮਰਾਹ ਕੀਤਾ ਕਿ ਸੰਵਿਧਾਨ ਅਤੇ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇਗਾ, ਜੋ ਕਿ ਸਰਾਸਰ ਗਲਤ ਸੀ। ਇਸ ਦੇਸ਼ ਵਿੱਚ ਕੋਈ ਵੀ, ਸੰਵਿਧਾਨ ਅਤੇ ਰਾਖਵੇਂਕਰਨ ਨੂੰ ਖ਼ਤਮ ਨਹੀਂ ਕਰ ਸਕਦਾ।
ਦਰਅਸਲ ਸੋਨੀਪਤ ਜ਼ਿਲ੍ਹੇ ’ਚ ਅੱਜ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਮੂਰਥਲ ਦੇ ਆਡੀਟੋਰੀਅਮ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਰਾਜ ਪੱਧਰੀ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਤਹਿਤ 100-100 ਵਰਗ ਗਜ਼ ਦੇ ਪਲਾਟ ਕਬਜ਼ਿਆਂ ਦੀ ਵੰਡ ਸਮਾਰੋਹ ਵਿੱਚ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੋਨੀਪਤ ਤੋਂ ਇਲਾਵਾ 10 ਥਾਵਾਂ ਜਿਵੇਂ ਕਿ ਭਿਵਾਨੀ, ਚਰਖੀ ਦਾਦਰੀ, ਪਲਵਲ, ਗੁਰੂਗ੍ਰਾਮ, ਹਿਸਾਰ, ਜੀਂਦ, ਯਮੁਨਾਨਗਰ, ਮਹਿੰਦਰਗੜ੍ਹ, ਝੱਜਰ ਅਤੇ ਸਿਰਸਾ ਵਿੱਚ ਵੀ ਅਜਿਹੇ ਹੀ ਪ੍ਰੋਗਰਾਮ ਰੱਖੇ ਗਏ ਜਿੱਥੇ ਹਰਿਆਣਾ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਲਾਭਪਾਤਰੀਆਂ ਨੂੰ ਪਲਾਟ ਅਲਾਟਮੈਂਟ ਪੱਤਰ ਵੰਡੇ। ਅੱਜ ਦੇ ਸਮਾਗਮ ਵਿੱਚ 7500 ਤੋਂ ਵੱਧ ਲੋਕਾਂ ਨੂੰ ਪਲਾਟ ਦੇ ਕਬਜ਼ੇ ਅਲਾਟਮੈਂਟ ਪੱਤਰ ਦਿੱਤੇ ਗਏ।
ਇੱਥੇ ਸੰਬੋਧਨ ਕਰਦਿਆਂ ਨਾਇਬ ਸਿੰਘ ਸੈਣੀ ਨੇ ਕੇਂਦਰ ਅਤੇ ਰਾਜ ਦੀਆਂ ਯੌਜਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਪਲਾਟਾਂ ਲਈ ਜ਼ਮੀਨ ਉਪਲਬਧ ਨਹੀਂ ਹੈ, ਉਨ੍ਹਾਂ ਲਾਭਪਾਤਰੀਆਂ ਨੂੰ ਪਲਾਟ ਖਰੀਦਣ ਲਈ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸਰਕਾਰ ਵੱਲੋਂ ਹੋਰ ਗਰੀਬ ਲਾਭਪਾਤਰੀਆਂ ਨੂੰ ਵੀ ਪਲਾਟ ਦੇਣ ਦੀ ਯੋਜਨਾ ਬਣਾਈ ਗਈ ਹੈ ਅਤੇ ਅਧਿਕਾਰੀਆਂ ਨੂੰ ਪੋਰਟਲ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਅਜਿਹੇ ਪਰਿਵਾਰ ਇਸ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
ਇਸ ਦੇ ਨਾਲ ਹੀ ਕਾਂਗਰਸ ’ਤੇ ਸ਼ਬਦੀ ਹਮਲਾ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਡੇਢ ਦਹਾਕਾ ਪਹਿਲਾਂ ਸਿਰਫ਼ ਪਲਾਟ ਦੇਣ ਦੀ ਗੱਲ ਕੀਤੀ ਸੀ, ਪਰ ਲੋਕਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਗਏ। ਲੋਕ ਮਾਲਕੀ ਹੱਕ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਮਾਰਦੇ ਰਹੇ। ਕਾਂਗਰਸ ਨੇ ਇਸ ਯੌਜਨਾ ਦਾ ਨਾਂ ਮਹਾਤਮਾ ਗਾਂਧੀ ਦੇ ਨਾਂ ’ਤੇ ਰੱਖ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਪਰ ਲੋਕਾਂ ਨੂੰ ਕੋਈ ਲਾਭ ਨਹੀਂ ਦਿੱਤਾ।