ਲੁਧਿਆਣਾ, 5 ਅਪ੍ਰੈਲ — ਲੁਧਿਆਣਾ ਵਿੱਚ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਜੱਗ ਜਾਹਰ ਹੋ ਗਈ ਹੈ।
ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਵਿੱਚ ਦੱਸਿਆ ਜਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਵਿਖੇ ਉਹਨਾਂ ਦੇ ਘਰ ਮਿਲਣ ਗਏ ਪ੍ਰੰਤੂ ਜਦੋਂ ਆਸੂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਹ ਆਪਣੀ ਪਤਨੀ ਸਮੇਤ ਘਰ ਤੋਂ ਖਿਸਕ ਗਏ।
ਲੁਧਿਆਣਾ ਦੀ ਰਾਜਨੀਤੀ ‘ਚ ਇੱਕ ਨਾਟਕੀ ਘਟਨਾ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਲਈ ਘਾਤਕ ਦੱਸਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾਰ, ਅਤੇ ਸੀਨੀਅਰ ਆਗੂ ਕੈਪਟਨ ਸੰਦੀਪ ਸੰਧੂ ਵੀ ਭਾਰਤ ਭੂਸ਼ਣ ਆਸ਼ੂ ਦੇ ਘਰ ਪੁੱਜੇ, ਪਰ ਜੋ ਹੋਇਆ ਉਹ ਅਚੰਭੇ ਅਚੰਬੇ ਭਰੀ ਘਟਨਾ।
ਜਿਵੇਂ ਹੀ ਆਸ਼ੂ ਨੂੰ ਇਹ ਪਤਾ ਲੱਗਾ ਕਿ ਵੜਿੰਗ ਅਤੇ ਹੋਰ ਆਗੂ ਉਹਦੇ ਘਰ ਵਲ ਆ ਰਹੇ ਹਨ, ਉਹ ਆਪਣੀ ਪਤਨੀ ਦੇ ਨਾਲ ਘਰ ਦੇ ਪਿੱਛਲੇ ਦਰਵਾਜੇ ਰਾਹੀਂ ਨਿਕਲ ਗਏ। ਸੂਤਰਾਂ ਮੁਤਾਬਕ, ਆਸ਼ੂ ਨੇ ਜਾਣ-ਬੁਝ ਕੇ ਇਹ ਮੀਟਿੰਗ ਟਾਲਣੀ ਚਾਹੀ, ਕਿਉਂਕਿ ਉਹ ਰਾਜਾ ਵੜਿੰਗ ਅਤੇ ਉਸ ਦੇ ਗੁਟ ਨਾਲ ਮਿਲਣਾ ਨਹੀਂ ਚਾਹੁੰਦਾ ਸੀ। ਕਈ ਮਿੰਟਾਂ ਬਾਅਦ, ਜਦੋਂ ਕਾਂਗਰਸੀ ਨੇਤਾ ਘਰ ਤੋਂ ਨਿਕਲ ਗਏ, ਤਾਂ ਆਸ਼ੂ ਅਤੇ ਉਸ ਦੀ ਪਤਨੀ ਦੁਬਾਰਾ ਘਰ ਵਿਚ ਨਜ਼ਰ ਆਏ।
ਪੁਰਾਣਾ ਰੋਸ, ਨਵੀਂ ਤਕਰਾਰ
ਇਹ ਘਟਨਾ ਕੋਈ ਅਚਾਨਕ ਨਹੀਂ ਹੋਈ। ਅੰਦਰੂਨੀ ਜਾਣਕਾਰਾਂ ਅਨੁਸਾਰ, ਆਸ਼ੂ ਕਾਫੀ ਸਮੇਂ ਤੋਂ ਰਾਜਾ ਵੜਿੰਗ ਨਾਲ ਖਫ਼ਾ ਹੈ। ਮੁੱਦਾ ਇਹ ਸੀ ਕਿ ਵੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਖੁਦ ਲੜਨ ਦਾ ਫੈਸਲਾ ਲੈ ਲਿਆ ਸੀ, ਜਦਕਿ ਆਸ਼ੂ ਇਸ ਸੀਟ ਲਈ ਮਜ਼ਬੂਤ ਦਾਅਵੇਦਾਰ ਸੀ। ਇਹ ਫੈਸਲਾ ਆਸ਼ੂ ਵਾਸਤੇ ਸਿਰਫ਼ ਰਾਜਨੀਤਕ ਝਟਕਾ ਹੀ ਨਹੀਂ ਸੀ, ਸਗੋਂ ਉਹਨੂੰ ਲਗਿਆ ਕਿ ਉਨ੍ਹਾਂ ਦੀ ਪਾਰਟੀ ਵਿਚ ਅਹਿਮੀਅਤ ਨੂੰ ਘਟਾਇਆ ਗਿਆ ਹੈ।
ਆਸ਼ੂ, ਜੋ ਕਿ ਪੰਜਾਬ ਸਰਕਾਰ ਵਿੱਚ ਕੈਬਨਟ ਮੰਤਰੀ ਰਹਿ ਚੁੱਕੇ ਹਨ, ਲੁਧਿਆਣਾ ਵਿਧਾਨ ਸਭਾ ਸੀਟ ਲਈ ਘੋਸ਼ਿਤ ਉਮੀਦਵਾਰ ਹਨ। ਪਰ ਉਨ੍ਹਾਂ ਦੀ ਉਮੀਦਵਾਰੀ ਹਾਲੀਆ ਘਟਨਾਵਾਂ ਅਤੇ ਪਾਰਟੀ ਅੰਦਰ ਫੁੱਟ ਦੇ ਸੰਦਰਭ ‘ਚ ਬੇ ਯਕੀਨੀ ਦੇ ਹਾਲਾਤ ਚ ਪਈ ਜਾਪ ਰਹੀ ਹੈ।
ਲੁਧਿਆਣਾ ਦੀ ਸੀਟ ’ਤੇ ਸੰਕਟ
ਕਾਂਗਰਸ ਜੋ ਪਹਿਲਾਂ ਹੀ ਰਾਸ਼ਟਰੀ ਪੱਧਰ ’ਤੇ ਸੰਘਰਸ਼ ਕਰ ਰਹੀ ਹੈ, ਅਜੇਹੀ ਅੰਦਰੂਨੀ ਤਕਰਾਰਾਂ ਨਾਲ ਪੰਜਾਬ ਵਿੱਚ ਆਪਣਾ ਭਵਿੱਖ ਹੋਰ ਅਣਿਸ਼ਚਿਤ ਬਣਾਉਂਦੀ ਜਾ ਰਹੀ ਹੈ। ਲੁਧਿਆਣਾ ਵਰਗਾ ਸ਼ਹਿਰੀ ਇਲਾਕਾ, ਜੋ ਕਦੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ, ਹੁਣ ਆਮ ਆਦਮੀ ਪਾਰਟੀ (ਆਪ) ਲਈ ਖੁਲ੍ਹ ਰਹੀ ਖਿੜਕੀ ਬਣ ਸਕਦਾ ਹੈ।
AAP ਨੇ ਪਹਿਲਾਂ ਹੀ ਸ਼ਹਿਰੀ ਵੋਟਰਾਂ ਵਿੱਚ ਆਪਣੀ ਜੜ ਪੱਕੀ ਕਰ ਲਈ ਹੈ। ਜੇਕਰ ਆਸ਼ੂ ਇਵੇਂ ਹੀ ਨਾਰਾਜ਼ ਰਹੇ ਜਾਂ ਚੋਣ ਮੁਹਿੰਮ ਤੋਂ ਪਿੱਛੇ ਰਹਿੰਦੇ ਹਨ, ਤਾਂ ਇਸ ਦਾ ਸਿੱਧਾ ਲਾਭ AAP ਨੂੰ ਹੋ ਸਕਦਾ ਹੈ।
ਕੀ ਹੋ ਸਕਦੇ ਹਨ ਅਗਲੇ ਕਦਮ?
ਰਾਜਾ ਵੜਿੰਗ ਨੇ ਜਨਤਕ ਤੌਰ ‘ਤੇ ਏਕਤਾ ਅਤੇ ਗਠਜੋੜ ਦੀ ਗੱਲ ਕੀਤੀ ਹੈ, ਪਰ ਅੱਜ ਦੀ ਘਟਨਾ ਇਹ ਦਰਸਾਉਂਦੀ ਹੈ ਕਿ ਆਸ਼ੂ ਨਾਲ ਰਿਸ਼ਤੇ ਨਾਜੁਕ ਪੜਾਅ ਤੇ ਹਨ। ਇਹ ਦਰਸਾਉਂਦਾ ਹੈ ਕਿ ਉੱਚ ਪੱਧਰੀ ਲੀਡਰਸ਼ਿਪ ਨੂੰ ਆਗੂਆਂ ਦੀ ਨਾਰਾਜ਼ਗੀ ਦੀ ਸਮਝ ਹੈ, ਪਰ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਲੱਭਿਆ ਗਿਆ।
ਜਿਸ ਤਰੀਕੇ ਨਾਲ ਆਸ਼ੂ ਨੇ ਰਾਜਾ ਵੜਿੰਗ ਨਾਲ ਮੀਟਿੰਗ ਤੋਂ ਕਿਨਾਰਾ ਕਰਕੇ ਕਾਂਗਰਸ ਹਾਈ ਕਮਾਂਡ ਨੂੰ ਸੰਦੇਸ਼ ਦਿੱਤਾ, ਉਹ ਇਸ ਗੱਲ ਦਾ ਸੰਕੇਤ ਹੈ ਕਿ ਲੁਧਿਆਣਾ ਜਿਮਨੀ ਚੋਣ ਵਿੱਚ ਕਾਂਗਰਸ ਦੀ ਹਾਲਾਤ ਨਾਜ਼ਕ ਦੌਰ ਚ ਹੈ। ਜੇਕਰ ਇਹ ਅੰਤਰਕਲਹ ਠੀਕ ਨਾ ਹੋਈ, ਤਾਂ ਲੁਧਿਆਣਾ ਦੀ ਸੀਟ ਕਾਂਗਰਸ ਦੀ ਹਾਜ਼ਰੀ ਪਾਰਟੀ ਲਈ ਬੁਰੇ ਦੌਰ ਦੀ ਵੱਡੀ ਘਟਨਾ ਸਾਬਤ ਹੋ ਸਕਦੀ ਹੈ।