ਟਾਂਡਾ ਉੜਮੁੜ –: ਜਲੰਧਰ-ਜੰਮੂ ਰੇਲਵੇ ਮਾਰਗ ‘ਤੇ ਕਿਸੇ ਵੱਡੀ ਸਾਜ਼ਿਸ਼ ਤਹਿਤ ਰੇਲ ਹਾਦਸਾ ਕਰਵਾਉਣ ਦੀ ਨੀਅਤ ਨਾਲ ਅਣਪਛਾਤੇ ਲੋਕਾਂ ਵੱਲੋਂ ਪੱਥਰ ਅਤੇ ਰਾਡਾਂ ਦੇ ਕੇ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਵੱਡਾ ਹਾਦਸਾ ਉਸ ਸਮੇਂ ਟਲ਼ ਗਿਆ, ਜਦੋਂ ਰੇਲਵੇ ਨਾਈਟ ਦੀ ਟੀਮ ‘ਚ ਰੇਲਵੇ ਗਾਰਡ ਦੀ ਮੁਸ਼ਤੈਦੀ ਕਾਰਨ ਸਮੇਂ ਸਿਰ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਪਤਾ ਲੱਗ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰੇਲਵੇ ਸਟੇਸ਼ਨ ਟਾਂਡਾ ਦੇ ਸਟੇਸ਼ਨ ਮਾਸਟਰ ਤੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਕਲੋਨੀ ਨਜ਼ਦੀਕ ਰੇਲਵੇ ਟਰੈਕ ‘ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਰਿਦੁਆਰ ਤੋਂ ਜੰਮੂ ਜਾ ਰਹੀ ਸ੍ਰੀ ਹੇਮਕੁੰਟ ਐਕਸਪ੍ਰੈੱਸ ਨੂੰ ਨੁਕਸਾਨ ਪਹੁੰਚਾਉਣ ਦੇ ਮੰਤਵ ਨਾਲ ਰੇਲਵੇ ਟਰੈਕ ਵਿਚ ਰਾਡਾਂ ਤੇ ਪੱਥਰ ਦੇ ਕੇ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਕਾਰਨ ਟਰੈਕ ਦਾ ਸਿਗਨਲ ਬਦਲਣ ਵਿਚ ਮੁਸ਼ਕਿਲ ਆ ਰਹੀ ਸੀ। ਜੇਕਰ ਸਮੇਂ ਸਿਰ ਅਧਿਕਾਰੀਆਂ ਵੱਲੋਂ ਮੁਸਤੈਦੀ ਨਾਲ ਕੰਮ ਨਾ ਲਿਆ ਜਾਂਦਾ ਤਾਂ ਸ੍ਰੀ ਹੇਮਕੁੰਟ ਐਕਸਪ੍ਰੈੱਸ ਟਰੇਨ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ।