ਫਗਵਾੜਾ -ਐੱਸ. ਐੱਸ. ਪੀ. ਗੌਰਵ ਤੁਰਾ ਵੱਲੋਂ ਜ਼ਿਲ੍ਹੇ ’ਚ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫਗਵਾੜਾ ਪੁਲਸ ਨੇ ਗੈਂਗਵਾਰ ਅਤੇ ਕੁੱਟਮਾਰ ਆਦਿ ਕਰਨ ’ਚ ਸ਼ਾਮਲ ਸ਼ਾਤਿਰ ਗਿਰੋਹ ਦੇ 4 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਨਾਜਾਇਜ਼ ਅਸਲਾ, ਗੋਲੀ ਸਿੱਕਾ ਅਤੇ ਤੇਜ਼ਧਾਰ ਹਥਿਆਰ ਸਮੇਤ ਮੋਟਰਸਾਈਕਲ ਬਰਾਮਦ ਹੋਏ ਹਨ। ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਫਗਵਾੜਾ ਪੁਲਸ ਵੱਲੋਂ ਬੇਨਕਾਬ ਕੀਤੇ ਗਏ ਗਿਰੋਹ ਨੂੰ ਗ੍ਰਿਫ਼ਤਾਰ ਕਰਨ ’ਚ ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ ਸੀ. ਆਈ. ਏ. ਸਟਾਫ਼ ਫਗਵਾੜਾ ਦੇ ਮੁਖੀ ਐੱਸ. ਆਈ. ਬਿਸਮਨ ਸਿੰਘ ਸਾਹੀ ਅਤੇ ਸਤਨਾਮਪੁਰਾ ਫਗਵਾੜਾ ਦੇ ਐੱਸ. ਐੱਚ. ਓ. ਇੰਸਪੈਕਟਰ ਹਰਦੀਪ ਸਿੰਘ ਸਮੇਤ ਪੁਲਸ ਟੀਮ ਦੀ ਸ਼ਲਾਘਾਯੋਗ ਕਾਰਵਾਈ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲਣ ਮਗਰੋਂ ਇਲਾਕੇ ’ਚ ਕੀਤੀ ਗਈ ਨਾਕਾਬੰਦੀ ਦੌਰਾਨ ਗੈਂਗ ’ਚ ਸ਼ਾਮਲ ਪ੍ਰਿੰਸ ਕੁਮਾਰ ਉਰਫ਼ ਲਾਲਾ ਪ੍ਰਿਆਸ਼ੂ ਦੋਵੇਂ ਪੁੱਤਰ ਆਸ਼ ਨਾਰਾਇਣ ਵਾਸੀ ਨੰਗਲ ਕਾਲੋਨੀ ਫਗਵਾੜਾ, ਅਰਸ਼ ਪ੍ਰੀਤ ਸਿੰਘ ਉਰਫ਼ ਅਰਸ਼ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਟੱਪਾਈ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਨੰਗਲ ਕਾਲੋਨੀ ਫਗਵਾੜਾ ਅਤੇ ਇਨ੍ਹਾਂ ਦੇ ਨਾਲ ਹੀ ਸ਼ਾਮਲ ਇਨ੍ਹਾਂ ਦਾ ਦੀ ਇਕ ਹੋਰ ਸਾਥੀ, ਜਿਸ ਦੀ ਪਛਾਣ ਜਸ਼ਨਪ੍ਰੀਤ ਪੁੱਤਰ ਸੁਰਿੰਦਰ ਸਿੰਘ ਵਾਸੀ ਬਸੰਤ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਹਾਲ ਵਾਸੀ ਮੰਡੀ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ।