ਅੰਮ੍ਰਿਤਸਰ – ਪਾਕਿਸਤਾਨ ਤੋਂ ਅਜੇ ਵੀ ਨਸ਼ੇ ਤੇ ਹਥਿਆਰਾਂ ਦੀ ਸਪਲਾਈ ਦਾ ਸਿਲਸਿਲਾ ਘੱਟ ਨਹੀਂ ਹੋਇਆ। ਅਜਿਹੇ ‘ਚ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਪੰਜ ਡਰੋਨ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਮੋਧੇ ‘ਚ ਇੱਕ ਦਿਨ ‘ਚ ਪੰਜ ਪਾਕਿਸਤਾਨੀ ਡਰੋਨ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ 6 ਕਰੋੜ ਦੀ ਹੈਰੋਇਨ, ਤਿੰਨ ਪਿਸਤੌਲ ਅਤੇ ਤਿੰਨ ਮੈਗਜ਼ੀਨ ਜ਼ਬਤ ਕੀਤੇ ਗਏ ਹਨ। ਇਸ ਪਿੰਡ ਨਾਲ ਲੱਗਦੇ ਇੱਕ ਹੋਰ ਪਿੰਡ ਅਟਾਰੀ ‘ਚ ਇੱਕ ਮਿੰਨੀ ਪਾਕਿਸਤਾਨੀ ਡਰੋਨ ਵੀ ਜ਼ਬਤ ਕੀਤਾ ਗਿਆ ਹੈ, ਜਿਸ ਨਾਲ ਇੱਕ ਪਿਸਤੌਲ ਵੀ ਜ਼ਬਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨ ਵੀ ਬੀਐਸਐਫ ਦੀ ਟੀਮ ਨੇ ਇੱਕ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਦੋ ਤਸਕਰਾਂ ਨੂੰ 8 ਪਿਸਤੌਲਾਂ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਇੱਕ ਮਹੀਨੇ ਦੌਰਾਨ ਹੈਰੋਇਨ ਨਾਲ ਇੰਨੀਆਂ ਪਿਸਤੌਲਾਂ ਲਿਆਉਣਾ ਵੀ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।