ਅਜਨਾਲਾ : ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਸ਼ੇਖ ਭੱਟੀ ਨੇੜਿਓਂ ਵੱਡੇ ਪੱਧਰ ‘ਤੇ ਆਰਡੀਐੱਕਸ ਅਤੇ ਹੋਰ ਵਿਸਫੋਟਕ ਇਤਰਾਜ਼ਯੋਗ ਸਮੱਗਰੀ ਮਿਲਣ ਦਾ ਸਮਾਚਾਰ ਹੈ। ਤਹਿਸੀਲ ਅਜਨਾਲਾ ਦੇ ਸਰਹੱਦੀ ਖੇਤਰ ‘ਚ ਜਿੱਥੇ ਭਾਰਤ/ਪਾਕਿਸਤਾਨ ਦੌਰਾਨ ਚੱਲ ਰਹੇ ਜੰਗ ਵਰਗੇ ਮਾਹੌਲ ਕਾਰਨ ਤਣਾਅ ਹੈ, ਉੱਥੇ ਹੀ ਅੱਜ ਅਜਨਾਲਾ ਪੁਲਸ ਨੂੰ ਸਰਹੱਦੀ ਖੇਤਰ ਦੇ ਪਿੰਡ ਸ਼ੇਖ ਭੱਟੀ ਨੇੜਿਓਂ ਵੱਡੇ ਪੱਧਰ ‘ਤੇ ਆਰ.ਡੀ.ਐੱਕਸ ਬਾਕਸ, ਦੋ ਪਿਸਤੌਲ, ਚਾਰ ਮੈਗਜ਼ੀਨ, 30 ਰੌਂਦ, ਦੋ ਗਰਨੇਡ ਪਿੰਨਾਂ, 8 ਬੈਟਰੀ ਸੈੱਲ, 1 ਬੈਟਰੀ ਮੈਕੈਨਿਜ਼ਮ, 1 ਰਿਮੋਟ ਕੰਟਰੋਲ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਸਬੰਧੀ ਥਾਣਾ ਅਜਨਾਲਾ ਦੇ ਐਸ.ਐਚ.ਓ ਮੁਖਤਾਰ ਸਿੰਘ ਅਤੇ ਥਾਣਾ ਅਜਨਾਲਾ ਦੇ ਡੀ.ਐੱਸ.ਪੀ ਗੁਰਵਿੰਦਰ ਸਿੰਘ ਔਲਖ਼ ਨੇ ਇਸ ਸਬੰਧੀ ਫੋਨ ‘ਤੇ ਗੱਲ ਕਰਨਾ ਮੁਨਾਸਬ ਨਹੀਂ ਸਮਝਿਆ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ।