ਗੁਰਦਾਸਪੁਰ- ਨਾਬਾਲਿਗ ਬੱਚਿਆਂ ਕੋਲੋਂ ਭੀਖ ਮੰਗਵਾਉਣ ਅਤੇ ਬਾਲ ਮਜ਼ਦੂਰੀ ਦੇ ਵਿਰੁੱਧ ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਚਲਦਿਆਂ ਅੱਜ ਬਾਲ ਸੁਰੱਖਿਆ ਅਫਸਰ ਗੁਰਦਾਸਪੁਰ ਦੀ ਟੀਮ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਭੀਖ ਮੰਗਦੇ ਅਤੇ ਸਾਮਾਨ ਵੇਚਦੇ ਨਾਬਾਲਿਗ ਬੱਚਿਆਂ ਖਿਲਾਫ ਸਖਤੀ ਕੀਤੀ ਗਈ ਹੈ। ਇਸ ਤਹਿਤ ਬਾਲ ਸੁਰੱਖਿਆ ਅਫਸਰ ਦੀ ਅਗਵਾਈ ਵਾਲੀ ਇਸ ਟੀਮ ਨੇ 9 ਬੱਚਿਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ’ਚੋਂ 6 ਬੱਚੇ ਭੀਖ ਮੰਗ ਰਹੇ ਸਨ, ਜਦੋਂ ਕਿ ਤਿੰਨ ਬੱਚੇ ਵੱਖ-ਵੱਖ ਤਰ੍ਹਾਂ ਦਾ ਸਾਮਾਨ ਵੇਚ ਰਹੇ ਸਨ।
ਜਾਣਕਾਰੀ ਦਿੰਦੇ ਹੋਏ ਬਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੁਰਦਾਸਪੁਰ ਦੇ ਬੱਸ ਅੱਡੇ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ’ਤੇ ਚੈਕਿੰਗ ਕੀਤੀ ਤਾਂ ਉੱਥੇ 6 ਬੱਚੇ ਭੀਖ ਮੰਗ ਰਹੇ ਸਨ। ਇਨ੍ਹਾਂ ਬੱਚਿਆਂ ਨੂੰ ਕਾਬੂ ਕਰ ਕੇ ਜਦੋਂ ਉਨ੍ਹਾਂ ਦਾ ਘਰ ਦਾ ਪਤਾ ਪੁੱਛਿਆ ਤਾਂ ਉਕਤ ਬੱਚਿਆਂ ਕੋਲ ਬਕਾਇਦਾ ਆਧਾਰ ਕਾਰਡ ਸਨ ਅਤੇ ਉਹ ਸਕੂਲ ਜਾਣ ਵਾਲੇ ਲੋਕਲ ਬੱਚੇ ਸਨ। ਇਸ ਕਾਰਨ ਉਨ੍ਹਾਂ ਦੇ ਮਾਂ-ਪਿਓ ਨੂੰ ਸਖ਼ਤ ਤਾੜਨਾ ਕਰ ਕੇ ਇਨ੍ਹਾਂ 6 ਬੱਚਿਆਂ ਨੂੰ ਛੱਡ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਕਤ ਬੱਚਿਆਂ ਦੇ ਮਾਪਿਆਂ ਨੂੰ ਵੀ ਸਖਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਬੱਚੇ ਭੀਖ ਮੰਗਣ ਗਏ ਤਾਂ ਉਨ੍ਹਾਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇਗਾ।