ਚੰਡੀਗੜ੍ਹ 30 ਸਤੰਬਰ (ਪੀਐਨ ਬਿਉਰੋ)
ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚੋਂ ਛੁੱਟੀ ਕਰਕੇ ਘਰ ਪਹੁੰਚ ਗਏ ਹਨ ਪ੍ਰੰਤੂ ਇੱਕ ਸਵਾਲ ਉਹਨਾਂ ਦਾ ਹਲੇ ਵੀ ਪਿੱਛਾ ਕਰ ਰਿਹਾ ਹੈ ਕਿ ਕੀ ਭਗਵੰਤ ਮਾਨ ਦੇ ਸਿਰ ਤੋਂ ਸੰਕਟ ਟਲ ਗਿਆ ਹੈ?
ਭਗਵੰਤ ਮਾਨ ਦੇ ਹਸਪਤਾਲ ‘ਚ ਦਾਖਲੇ ਤੋਂ ਵੀ ਪਹਿਲਾਂ ਹੀ ਇਸ ਚਰਚਾ ਨੇ ਜੋਰ ਫੜ ਲਿਆ ਸੀ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਪਦ ਤੋਂ ਹਟਾਇਆ ਜਾ ਰਿਹਾ ਹੈ ਅਤੇ ਉਹਨਾਂ ਦੀ ਥਾਂ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਇਸ ਖਬਰ ਨੇ ਜ਼ੋਰ ਫੜ ਲਿਆ ਕੇ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਤੇ ਉਹਨਾਂ ਨੂੰ ਇੱਕ ਵਾਰ ਆਰਸੀ ਤੌਰ ਤੇ ਮੁੱਖ ਮੰਤਰੀ ਥਾਪਿਆ ਜਾ ਰਿਹਾ ਹੈ। ਹਾਲਾਂਕਿ ਕੁਲਤਾਰ ਸਿੰਘ ਸੰਧਵਾ ਨੇ ਮੀਡੀਆ ਦੇ ਸਾਹਮਣੇ ਆ ਕੇ ਇਹ ਗੱਲ ਕਹੀ ਕਿ ਉਹਨਾਂ ਦੀ ਡਿਊਟੀ ਬਤੌਰ ਵਿਧਾਨ ਸਭਾ ਸਪੀਕਰ ਲਾਈ ਗਈ ਹੈ ਅਤੇ ਉਹ ਇਸ ਜਿੰਮੇਵਾਰੀ ਦੇ ਨਾਲ ਹੀ ਖੁਸ਼ ਹਨ ਪਰ ਚਰਚਾਵਾਂ ਨੇ ਪਿੱਛਾ ਨਹੀਂ ਛੱਡਿਆ।
ਇੱਥੇ ਇਹ ਵੀ ਜ਼ਿਕਰ ਬਣਦਾ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਫੋਰਟਸ ਹੋਸਪਿਟਲ ਦਾਖਲ ਹੋਏ ਤਾਂ ਤਿੰਨ ਦਿਨ ਤੱਕ ਉਹਨਾਂ ਦਾ ਪਤਾ ਲੈਣ ਲਈ ਪਾਰਟੀ ਤੋਂ ਕੋਈ ਵੀ ਵੱਡਾ ਲੀਡਰ ਫੋਰਟਸ ਹਸਪਤਾਲ ਦੇ ਵਿੱਚ ਨਹੀਂ ਪਹੁੰਚਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਇਸ ਤਰ੍ਹਾਂ ਭਗਵੰਤ ਮਾਨ ਦੀ ਅਣਦੇਖੀ ਕਰਨੀ ਅਤੇ ਉਹਨਾਂ ਪ੍ਰਤੀ ਸੰਵੇਦਨਾ ਜਾਹਰ ਨਾ ਕਰਨ ਦਾ ਅਰਥ ਇਹ ਕੱਢਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਭਗਵੰਤ ਮਾਨ ਤੋਂ ਪਾਸਾ ਵੱਟ ਗਈ ਹੈ।
ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਾਬਕਾ ਮੰਤਰੀ ਪ੍ਰਗਟ ਸਿੰਘ ਭਗਵੰਤ ਮਾਨ ਦਾ ਪਤਾ ਕਰਨ ਲਈ ਹਸਪਤਾਲ ਪਹੁੰਚੇ। ਹਸਪਤਾਲ ਤੋਂ ਪਰਤ ਕੇ ਪ੍ਰਗਟ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਭਗਵੰਤ ਮਾਨ ਨਾਲ ਕਾਫੀ ਲੰਬਾ ਸਮਾਂ ਬਿਤਾਇਆ ਅਤੇ ਇਸ ਸਮੇਂ ਦੌਰਾਨ ਉਹਨਾਂ ਨੇ ਭਗਵੰਤ ਮਾਨ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਅਤੇ ਕਈ ਤਰ੍ਹਾਂ ਦੀ ਉਹਨਾਂ ਵਿਚਾਲੇ ਚਰਚਾ ਵੀ ਹੋਈ। ਜਦੋਂ ਪੁੱਛਿਆ ਗਿਆ ਕਿ ਭਗਵੰਤ ਮਾਨ ਨੇ ਉਹਨੇ ਉਹਨਾਂ ਤੇ ਆਏ ਕਿਸੇ ਸੰਕਟ ਬਾਰੇ ਕੋਈ ਸੰਕੇਤ ਦਿੱਤਾ ਤਾਂ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਇੱਕ ਕਲਾਕਾਰ ਵੀ ਹਨ ਤੇ ਹੁਣ ਮੰਜੇ ਹੋਏ ਰਾਜਨੀਤਿਕ ਵੀ ਹਨ ਇਸ ਕਰਕੇ ਇਸ ਤਰਹਾਂ ਸ਼ਖਸ਼ੀਅਤਾਂ ਆਪਣੇ ਸਿਆਸੀ ਸੰਕਟ ਬਾਰੇ ਚਿਹਰੇ ਉੱਤੇ ਖਾਬ ਭਾਵ ਨਹੀਂ ਲਿਆਉਂਦੇ।
ਦੱਸ ਦਈਏ ਕਿ ਤਿੰਨ ਦਿਨ ਤੱਕ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚ ਦਾਖਲ ਸਨ ਤਾਂ ਉਹਨਾਂ ਦੀ ਦੇਖਭਾਲ ਲਈ ਉਹਨਾਂ ਦੀ ਸ਼੍ਰੀਮਤੀ ਹੀ ਉੱਥੇ ਹਾਜ਼ਰ ਸਨ ਅਤੇ ਹਾਈ ਕਮਾਂਡ ਵੱਲੋਂ ਕਿਸੇ ਤਰ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਨਾ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਮਨੀਸ਼ ਸਿਸੋਦੀਆ ਜਾਂ ਮੌਜੂਦਾ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਸਿੰਘ ਜਾਂ ਫਿਰ ਭਗਵੰਤ ਮਾਨ ਦੇ ਕੈਬਨਟ ਦੇ ਸੀਨੀਅਰ ਮੰਤਰੀਆਂ ਵੱਲੋਂ ਉਹਨਾਂ ਬਾਰੇ ਕੋਈ ਟਵੀਟ ਜਾਂ ਉਹਨਾਂ ਦੀ ਸਿਹਤ ਬਾਰੇ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਗਈ। ਇਸ ਤਰ੍ਹਾਂ ਦੇ ਹਾਲਾਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਰ ਤਿੱਖੀਆਂ ਛੇੜਤੀਆਂ। ਹ
ਰਿਆਣੇ ਵਿੱਚ ਚੱਲ ਰਹੇ ਵਿਧਾਨ ਸਭਾ ਦੇ ਚੋਣ ਪ੍ਰਚਾਰ ਚ ਭਗਵੰਤ ਮਾਨ ਨੂੰ ਸਟਾਰ ਪ੍ਰਚਾਰਕ ਪਾਰਟੀ ਵੱਲੋਂ ਨਿਯੁਕਤ ਕੀਤਾ ਗਿਆ ਸੀ ਪਰੰਤੂ ਅੱਜ ਕੱਲ੍ਹ ਭਗਵੰਤ ਮਾਨ ਹਰਿਆਣੇ ਵਿੱਚ ਪ੍ਰਚਾਰ ਕਰਨ ਲਈ ਨਹੀਂ ਜਾ ਰਹੇ ਅਤੇ ਇਸ ਤਰਹਾਂ ਦੇ ਹਾਲਾਤ ਨੇ ਚਰਚਾ ਇਥੋਂ ਤੱਕ ਛੇੜ ਦਿੱਤੀ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵਿਚਾਲੇ ਸਭ ਕੁਝ ਅੱਛਾ ਨਹੀਂ ਚੱਲ ਰਿਹਾ ਬੇਸ਼ੱਕ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੰਕਟ ਟਲ ਗਿਆ ਹੈ ਪਰੰਤੂ ਇਹ ਸੰਕਟ ਪੂਰੀ ਤਰ੍ਹਾਂ ਨਹੀਂ ਟਲਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਇਹ ਸੰਕਟ ਆ ਸਕਦਾ।
ਸੀਨੀਅਰ ਆਲੋਚਕਾਂ ਦੇ ਇੱਕ ਹਿੱਸੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਇਸ ਮੌਕੇ ਮਜ਼ਬੂਤੀ ਨਾਲ ਰਾਜਨੀਤੀ ਉੱਤੇ ਕਾਬਜ਼ ਹਨ ਅਤੇ ਉਹਨਾਂ ਨੂੰ ਹਟਾਉਣਾ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਸੁਖਾਲਾ ਕੰਮ ਨਹੀਂ ਹੋਵੇਗਾ । ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾਏ ਜਾਣ ਦਾ ਤਿੱਖਾ ਨੋਟਸ ਰਹਿੰਦਿਆਂ ਸੀਨੀਅਰ ਆਲੋਚਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਵਰਜਿਆ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜ ਸਾਲ ਦੀ ਮੁੱਖ ਮੰਤਰੀ ਚੁਣਿਆ ਗਿਆ ਹੈ ਉਹਨਾਂ ਨੂੰ ਪਰੇਸ਼ਾਨ ਕਰਨਾ ਅਤੇ ਅਸਥਿਰ ਕਰਨਾ ਸੂਬੇ ਲਈ ਵੀ ਖਤਰਨਾਕ ਹੈ।
ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦੀ ਭਗਵੰਤ ਮਾਨ ਨੇ ਚੁੱਪੀ ਸਾਧੀ ਹੋਈ ਹੈ ਇਸ ਚੁੱਪੀ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਨੂੰ ਭਾਵੇਂ ਹਟਾਇਆ ਜਾ ਰਿਹਾ ਹੋਵੇ ਜਾਂ ਨਾ ਹਟਾਇਆ ਜਾ ਰਿਹਾ ਹੋਵੇ ਪਰ ਇਸ ਤਰ੍ਹਾਂ ਦੀਆਂ ਰੋਜ ਦੀਆਂ ਅਫਵਾਹਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ।