ਜਲੰਧਰ —ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ 10 ਜੁਲਾਈ ਨੂੰ ਹੋਈ ਪੋਲਿੰਗ ਤੋਂ ਬਾਅਦ ਈ. ਵੀ. ਐੱਮਜ਼ ’ਚ ਬੰਦ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹੇਗਾ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਦਾ ਐਲਾਨ ਕੀਤਾ ਜਾਵੇਗਾ। ਕੋਈ ਇਕ ਖ਼ੁਸ਼ਕਿਸਮਤ ਜੇਤੂ ਉਮੀਦਵਾਰ ਹੀ ਇਸ ਹਲਕੇ ਤੋਂ ਵਿਧਾਇਕ ਬਣੇਗਾ।
ਸਥਾਨਕ ਡਿਫੈਂਸ ਕਾਲੋਨੀ ਵਿਚ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਵਿਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਿਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਕੁੱਲ 14 ਟੇਬਲਾਂ ਉੱਪਰ ਹੋ ਰਹੀ ਹੈ ਗਿਣਤੀ ਹੋ ਰਹੀ ਹੈ ਅਤੇ 13 ਰਾਊਂਡ ਵਿਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਜ਼ਿਮਨੀ ਚੋਣ ਵਿਚ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਨਗਰ ਨਿਗਮ ਦੀ ਸਾਬਕਾ ਮੇਅਰ ਸੁਰਿੰਦਰ ਕੌਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅਤੇ ਭਾਜਪਾ ਦੇ ਸ਼ੀਤਲ ਅੰਗੂਰਾਲ ਵਿਚਕਾਰ ਵੇਖਣ ਨੂੰ ਮਿਲੇਗਾ। ਇਸ ਤਿਕੋਣੀ ਮੁਕਾਬਲੇ ਵਿਚ ਬਾਜ਼ੀ ਕੌਣ ਮਾਰਦਾ ਹੈ, ਇਸ ਦਾ ਪਤਾ ਅੱਜ ਲੱਗ ਜਾਵੇਗਾ। ਇਸ ਜ਼ਿਮਨੀ ਚੋਣ ਦੌਰਾਨ 55 ਫ਼ੀਸਦੀ ਵੋਟਿੰਗ ਹੋਈ ਸੀ। ਜ਼ਿਮਨੀ ਚੋਣ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ।