ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਰਾਜਧਾਨੀ ਢਾਕਾ ਤੋਂ ਚਲੇ ਗਏ ਹਨ। ਦਰਅਸਲ ਬੰਗਲਾਦੇਸ਼ ਵਿੱਚ ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨਾਂ ਅਤੇ ਹਿੰਸਕ ਝੜਪਾਂ ਨੇ ਸ਼ੇਖ ਹਸੀਨਾ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ। ਪ੍ਰਧਾਨ ਮੰਤਰੀ ਦੇ ਅਸਤੀਫੇ ਤੋਂ ਬਾਅਦ ਹੁਣ ਦੇਸ਼ ਦੀ ਕਮਾਨ ਫੌਜ ਦੇ ਹੱਥਾਂ ‘ਚ ਹੈ। ਪ੍ਰਥਮ ਆਲੋ ਡੇਲੀ ਨੇ ਦੱਸਿਆ ਕਿ ਬੰਗਲਾਦੇਸ਼ ਦੀ ਫੌਜ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ 45 ਮਿੰਟ ਦਾ ਅਲਟੀਮੇਟਮ ਦਿੱਤਾ ਸੀ। ਇਸ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਰਿਹਾਇਸ਼ ‘ਚ ਦਾਖ਼ਲ ਹੋ ਗਏ। ਇਸ ਤੋਂ ਬਾਅਦ ਉਹ ਫੌਜੀ ਹੈਲੀਕਾਪਟਰ ਵਿੱਚ ਰਵਾਨਾ ਹੋ ਗਈ।
ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਮੰਗ ਪੂਰੀ ਕਰਾਂਗੇ। ਦੇਸ਼ ਵਿੱਚ ਸ਼ਾਂਤੀ ਵਾਪਸ ਲਿਆਵਾਂਗੇ। ਅਸੀਂ ਇਸ ਦੇਸ਼ ਨੂੰ ਇੱਕ ਅੰਤਰਿਮ ਸਰਕਾਰ ਰਾਹੀਂ ਚਲਾਵਾਂਗੇ।” ਜਨਰਲ ਵਕਾਰ-ਉਜ਼-ਜ਼ਮਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ, “ਭੰਗ, ਅੱਗਜ਼ਨੀ ਅਤੇ ਹਿੰਸਾ ਤੋਂ ਦੂਰ ਰਹੋ। ਜੇਕਰ ਤੁਸੀਂ ਲੋਕ ਸਾਡੇ ਨਾਲ ਆ ਜਾਓ ਤਾਂ ਸਥਿਤੀ ਸੁਧਰ ਜਾਵੇਗੀ। ਲੜਾਈ ਅਤੇ ਹਿੰਸਾ ਨਾਲ ਕੁਝ ਹਾਸਲ ਨਹੀਂ ਹੋਵੇਗਾ। ਵਿਵਾਦ ਅਤੇ ਅਰਾਜਕਤਾ ਤੋਂ ਦੂਰ ਰਹੋ।”
ਇਸ ਦੌਰਾਨ ਸਰਕਾਰ ਨੇ ਹਿੰਸਾ ‘ਤੇ ਕਾਬੂ ਪਾਉਣ ਲਈ ਮੋਬਾਈਲ ਇੰਟਰਨੈਟ ਬੰਦ ਅਤੇ ਦੇਸ਼ ਭਰ ‘ਚ ਕਰਫਿਊ ਲਗਾ ਦਿੱਤਾ ਹੈ। ਸਕੂਲਾਂ, ਕਾਲਜਾਂ ਅਤੇ ਬਾਜ਼ਾਰਾਂ ਵਿੱਚ 3 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਿੰਸਾ ਦੇ ਮੱਦੇਨਜ਼ਰ ਕਈ ਟਰੇਨਾਂ ਦਾ ਸੰਚਾਲਨ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਕੱਪੜਾ ਫੈਕਟਰੀਆਂ ਨੂੰ ਵੀ ਤਾਲੇ ਲੱਗ ਗਏ ਹਨ। ਪੁਲਿਸ ਨੇ ਲੋਕਾਂ ਨੂੰ ਜਿੱਥੋਂ ਤੱਕ ਹੋ ਸਕੇ ਘਰਾਂ ਵਿੱਚ ਰਹਿਣ ਲਈ ਕਿਹਾ ਹੈ।