ਵਿਆਹ ਸਮਾਗਮ ਤੋਂ ਆ ਰਹੀ ਕਰੂਜ਼ਰ ਗੱਡੀ ਧੁੰਦ ਕਾਰਨ ਅਚਾਨਕ ਭਾਖੜਾ ਵਿਚ ਡਿੱਗਣ ਕਾਰਨ ਕੁਝ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਗੱਡੀ ਵਿਚ ਕਰੀਬ 14 ਵਿਅਕਤੀ ਸਵਾਰ ਸਨ। ਜਿਨ੍ਹਾਂ ਵਿਚੋਂ ਕੁਝ ਦੀਆਂ ਲਾਸ਼ਾਂ ਥੋੜੀ ਦੂਰੀ ਤੋਂ ਬਾਅਦ ਬਰਾਮਦ ਕਰ ਲਈਆਂ ਗਈਆਂ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੁਢਲਾਡਾ ਹਲਕੇ ਦੇ ਪਿੰਡ ਰਿਊਂਦ ਕਲਾਂ, ਪਿੰਡ ਸਸਪਾਲੀ ਅਤੇ ਹਰਿਆਣਾ ਦੇ ਪਿੰਡ ਮਹਿਮੜਾ ਦੇ ਕੁਝ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਜਲਾਲਾਬਾਦ ਤੋਂ ਦੇਰ ਰਾਤ ਵਾਪਸ ਆ ਰਹੇ ਸਨ ਕਿ ਜ਼ਿਆਦਾ ਧੁੰਦ ਹੋਣ ਕਾਰਨ ਉਨ੍ਹਾਂ ਦੀ ਕਰੂਜ਼ਰ ਗੱਡੀ ਸਰਦਾਰੇਵਾਲਾ ਪਿੰਡ ਦੇ ਨਜ਼ਦੀਕ ਪੰਜਾਬ ਦੀ ਹੱਦ ਨਾਲ ਲੱਗਦੀ ਭਾਖੜਾ ਨਹਿਰ ਵਿਚ ਜਾ ਡਿੱਗੀ।
ਇਸ ਵਿਚੋਂ ਪਿੰਡ ਰਿਊਂਦ ਕਲਾਂ ਦਾ ਜਰਨੈਲ ਸਿੰਘ ਕਿਸੇ ਤਰ੍ਹਾਂ ਨਹਿਰ ‘ਚੋਂ ਬਾਹਰ ਨਿਕਲ ਆਇਆ ਅਤੇ 10 ਸਾਲ ਦੇ ਅਰਮਾਨ ਰਿਊਂਦ ਨੂੰ ਲੋਕਾਂ ਨੇ ਕੁਝ ਸਮੇਂ ਬਾਅਦ ਬਚਾ ਲਿਆ। ਬਚਾਅ ਟੀਮ ਨੇ ਰਾਤ 12 ਵਜੇ ਗੱਡੀ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਪਿੰਡ ਮਹਿਮੜਾ ਦੇ ਕਰੂਜ਼ਰ ਗੱਡੀ ਦੇ ਡਰਾਈਵਰ ਛਿੰਦਾ ਦੀ ਲਾਸ਼ ਵੀ ਮਿਲ ਗਈ ਹੈ ਪਰ ਬਾਕੀ 11 ਵਿਅਕਤੀਆਂ ਦਾ ਸੁਰਾਗ ਨਹੀਂ ਮਿਲ ਸਕਿਆ ਹੈ। ਜਿਸ ਵਿਚੋਂ ਜਸਵਿੰਦਰ ਸਿੰਘ (35 ਸਾਲ) ਰਿਊਂਦ ਕਲਾਂ, ਉਸਦੀ ਪਤਨੀ ਸੰਜਨਾ (34 ਸਾਲ), ਪੁੱਤਰੀ (8 ਸਾਲ) ਅਤੇ ਕਸ਼ਮੀਰ ਕੌਰ (60 ਸਾਲਾ) ਪਤਨੀ ਪ੍ਰੀਤਮ ਸਿੰਘ ਸਸਪਾਲੀ ਦੀ ਲਾਸ਼ ਬਰਾਮਦ ਹੋ ਗਈ ਹੈ।
ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ਹਰਿਆਣਾ ਰਤੀਆ ਦੇ ਐੱਸਡੀਐੱਮ ਜਗਦੀਸ਼ ਚੰਦਰ ਅਤੇ ਸਦਰ ਥਾਣਾ ਰਤੀਆ ਦੇ ਇੰਚਾਰਜ ਰਾਜਵੀਰ ਸਿੰਘ ਸਮੇਤ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇਰ ਰਾਤ ਤੱਕ ਬਚਾਅ ਕਾਰਜ ‘ਚ ਲੱਗੇ ਹੋਏ ਸਨ। ਜ਼ਖਮੀ ਅਰਮਾਨ (ਕਰੀਬ 11 ਸਾਲ) ਨੂੰ ਰਤੀਆ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਹਿਰ ਵਿਚ 20—22 ਫੁੱਟ ਪਾਣੀ ਹੈ।