ਸੰਗਰੂਰ/ਚੰਡੀਗੜ੍ਹ : ਖ਼ਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸੋਮਵਾਰ ਦੇਰ ਰਾਤ ਵੀ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਸੀ ਅਤੇ ਬਲੱਡ ਪ੍ਰੈੱਸ਼ਰ 88/52 ‘ਤੇ ਪਹੁੰਚ ਗਿਆ ਸੀ। ਇਸ ਬਾਰੇ ਗੱਲਬਾਤ ਕਰਦਿਆਂ ਡੱਲੇਵਾਲ ਦੇ ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਮਾਨੀਟਰ ‘ਚ ਵੀ ਉਨ੍ਹਾਂ ਦਾ ਬੀ. ਪੀ. ਨੋਟ ਨਹੀਂ ਹੋ ਰਿਹਾ ਸੀ, ਇੰਨਾ ਜ਼ਿਆਦਾ ਬੀ. ਪੀ. ਡਾਊਨ ਹੋ ਗਿਆ ਸੀ।
ਉਨ੍ਹਾਂ ਦਾ ਸਰੀਰ ਬਰਫ਼ ਵਾਂਗ ਠੰਡਾ ਪੈ ਗਿਆ ਸੀ ਅਤੇ ਅੱਖਾਂ ਅੱਗੇ ਹਨ੍ਹੇਰਾ ਆ ਗਿਆ ਸੀ। ਡੱਲੇਵਾਲ ਨੇ 30-40 ਮਿੰਟ ਕੋਈ ਜਵਾਬ ਨਹੀਂ ਦਿੱਤਾ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਡੱਲੇਵਾਲ ਦੀ ਜੋ ਹਾਲਤ ਹੈ, ਉਨ੍ਹਾਂ ਨੂੰ ਇਸ ਸਮੇਂ ਆਈ. ਸੀ. ਯੂ. ‘ਚ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਇਲਾਜ ਹੋਣਾ ਚਾਹੀਦਾ ਹੈ ਪਰ ਡੱਲੇਵਾਲ ਨੇ ਇਲਾਜ ਕਰਵਾਉਣ ਤੋਂ ਇਨਕਾਰ ਕੀਤਾ ਹੈ।