ਐਡੀਲੇਡ- ਆਸਟ੍ਰੇਲੀਆ ਵਿੱਚ ਇੱਕ ਭਾਰਤੀ ਵਿਦਿਆਰਥੀ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਦਰਦ ਨਾਲ ਤੜਫਦਾ ਹੋਇਆ ਉੱਥੇ ਹੀ ਛੱਡ ਦਿੱਤਾ ਗਿਆ। ਇਹ ਘਟਨਾ ਆਸਟ੍ਰੇਲੀਆ ਦੇ ਐਡੀਲੇਡ ਤੋਂ ਸਾਹਮਣੇ ਆਈ ਹੈ, ਜਿੱਥੇ ਕਾਰ ਪਾਰਕਿੰਗ ਦੇ ਝਗੜੇ ਦੌਰਾਨ ਇਹ ਸਨਸਨੀਖੇਜ਼ ਘਟਨਾ ਵਾਪਰੀ।
ਆਸਟ੍ਰੇਲੀਆ ਟੂਡੇ ਦੇ ਅਨੁਸਾਰ ਚਰਨਪ੍ਰੀਤ ਸਿੰਘ (23) ਸ਼ਨੀਵਾਰ ਸ਼ਾਮ ਨੂੰ ਆਪਣੀ ਪਤਨੀ ਨਾਲ ਸੈਰ ਲਈ ਬਾਹਰ ਗਿਆ ਸੀ। ਰਾਤ 9:22 ਵਜੇ ਦੇ ਕਰੀਬ, ਉਹ ਐਡੀਲੇਡ ਦੇ ਕਿੰਟੋਰ ਐਵੇਨਿਊ ਦੇ ਨੇੜੇ ਤੋਂ ਲੰਘ ਰਿਹਾ ਸੀ। ਫਿਰ ਕੁਝ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਕਿਉਂਕਿ ਉਹ ਇੱਕ ਭਾਰਤੀ ਸੀ। ਚਰਨਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਉਸ ‘ਤੇ ਨਸਲੀ ਟਿੱਪਣੀਆਂ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਉਸਨੂੰ ਮਾਰਨਾ ਸ਼ੁਰੂ ਕਰ ਦਿੱਤਾ। ਚਰਨਪ੍ਰੀਤ ਅਨੁਸਾਰ,” ਪਹਿਲਾਂ ਉਨ੍ਹਾਂ ਨੇ ਨਸਲਵਾਦੀ ਟਿੱਪਣੀ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਥੱਪੜ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਵੀ ਜਵਾਬੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਉਦੋਂ ਤੱਕ ਮਾਰਦੇ ਰਹੇ ਜਦੋਂ ਤੱਕ ਮੈਂ ਬੇਹੋਸ਼ ਨਹੀਂ ਹੋ ਗਿਆ।”