ਫ਼ਿਰੋਜ਼ਪੁਰ – ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋ ਕੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਤੋਂ ਛੁਟਕਾਰਾ ਦਿਵਾਉਣ ਲਈ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਵੀ ਕਰਵਾਇਆ ਸੀ ਪਰ ਉਹ ਨਸ਼ਾ ਨਹੀਂ ਛੱਡ ਸਕਿਆ ਅਤੇ ਅੱਜ ਉਸ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਸੀ ਅਤੇ ਉਹ ਵਿਆਹਿਆ ਹੋਇਆ ਸੀ। ਅਤੇ ਉਸ ਦਾ ਇਕ ਛੋਟਾ ਬੱਚਾ ਵੀ ਹੈ। ਉਸ ਨੇ ਦੱਸਿਆ ਕਿ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਇਸ ਤਰ੍ਹਾਂ ਨਸ਼ੇ ਕਾਰਨ ਇਕ ਹੋਰ ਘਰ ਉੱਜੜ ਗਿਆ ਹੈ। ਨੌਜਵਾਨ ਦੀ ਮੌਤ ਹੋ ਜਾਣ ਕਾਰਨ ਉਸ ਦੀ ਪਤਨੀ ਨਿੱਕੀ ਉਮਰੇ ਵਿਧਵਾ ਹੋ ਗਈ ਹੈ, ਜਦਕਿ ਉਸ ਦੇ ਮਾਸੂਮ ਬੱਚੇ ਦੇ ਸਿਰੋਂ ਵੀ ਪਿਓ ਦਾ ਸਾਇਆ ਉੱਠ ਗਿਆ ਹੈ।