ਪਟਿਆਲਾ/ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਲਾਲ ਸਿੰਘ (82) ਅੱਜ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਮੋਹਾਲੀ ਦੇ ਮੈਕਸ ਹਸਪਤਾਲ ਵਿਚ ਆਖਰੀ ਸਾਹ ਲਏ, ਜਿੱਥੇ ਉਹ ਪਿਛਲੇ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸਿਆਸੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਸਰਦਾਰ ਲਾਲ ਸਿੰਘ ਪੰਜਾਬ ਕਾਂਗਰਸ ਦੇ ਉਨ੍ਹਾਂ ਵੱਡੇ ਆਗੂਆਂ ਵਿਚੋਂ ਸਨ, ਜਿਹੜੇ ਪਿਛਲੇ 40 ਸਾਲ ਤੋਂ ਪੰਜਾਬ ਦੀ ਸਿਆਸਤ ਵਿਚ ਛਾਏ ਰਹੇ। ਲਾਲ ਸਿੰਘ ਪਹਿਲਾਂ ਹਲਕਾ ਦਕਾਲਾ ਅਤੇ ਫਿਰ ਹਲਕਾ ਸਨੌਰ ਤੋਂ 7 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਕਈ ਵਾਰ ਕੈਬਨਿਟ ਮੰਤਰੀ ਵੀ ਰਹੇ।
ਉਹ ਇਕ ਦਰਜਨ ਦੇ ਲਗਭਗ ਕਈ ਵਿਭਾਗਾਂ ਦੇ ਮੰਤਰੀ ਰਹੇ। ਉਹ ਕੈਪਟਨ ਸਰਕਾਰ ਵਿਚ ਵਿੱਤ ਮੰਤਰੀ ਵੀ ਰਹੇ। ਇਸ ਦੇ ਨਾਲ ਹੀ ਉਹ ਮੰਡੀ ਬੋਰਡ ਦੇ ਚੇਅਰਮੈਨ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਉਨ੍ਹਾਂ ਦਾ ਜੱਦੀ ਪਿੰਡ ਪਟਿਆਲਾ ਦੇ ਕੋਲ ਜੋਗੀਪੁਰ ਹੈ। ਲਾਲ ਸਿੰਘ ਦਾ ਅੰਤਿਮ ਸੰਸਕਾਰ ਵੀਰ ਜੀ ਦੀਆਂ ਮੜੀਆਂ ਪਟਿਆਲਾ ਵਿਖੇ ਐਤਵਾਰ ਮਿਤੀ 29 ਮਾਰਚ ਬਾਅਦ ਦੁਪਹਿਰ ਤਿੰਨ ਵਜੇ ਕੀਤਾ ਜਾਵੇਗਾ।

