ਫਾਜ਼ਿਲਕਾ ਜ਼ਿਲ੍ਹੇ ਤੋਂ ਉਸ ਸਮੇਂ ਮੰਦਭਾਗੀ ਖ਼ਬਰ ਆਈ ਜਦੋਂ ਪਿੰਡ ਕਾਲਰਖੇੜਾ ਨੇੜੇ ਇੱਕ ਮੋਟਰਸਾਇਕਲ ਸਵਾਰ ਗ੍ਰੰਥੀ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਮੌਕੇ ’ਤੇ ਹੀ ਉਸਨੇ ਦਮ ਤੋੜ ਦਿੱਤਾ। ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ ਜਦੋਂ ਇਕ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਮੋਟਰਸਾਇਕਲ ’ਤੇ ਆ ਰਿਹਾ ਸੀ ਕਿ ਇੱਕ ਪਸ਼ੂ ਦੇ ਨਾਲ ਅਚਾਨਕ ਟਕਰਾ ਗਿਆ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਗ੍ਰੰਥੀ ਦੀ ਪਹਿਚਾਣ 45 ਸਾਲਾਂ ਮਨਜੀਤ ਸਿੰਘ ਵਾਸੀ ਉਸਮਾਨਖੇੜਾ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਮਨਜੀਤ ਸਿੰਘ ਗੁਰਦੁਆਰਾ ਸਾਹਿਬ ਵਿੱਚ ਬਤੌਰ ਹੈੱਡ ਗ੍ਰੰਥੀ ਤਾਇਨਾਤ ਸੀ। ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਮਨਜੀਤ ਸਿੰਘ ਆਪਣੇ ਮੋਟਰਸਾਈਕਲ ‘ਤੇ ਗੁਰਦੁਆਰਾ ਸਾਹਿਬ ’ਚ ਪਾਠ ਕਰਕੇ ਵਾਪਸ ਆਪਣੇ ਪਿੰਡ ਘਰ ਨੂੰ ਆ ਰਿਹਾ ਸੀ ਕਿ ਇਸ ਦੌਰਾਨ ਅਚਾਨਕ ਇੱਕ ਪਸ਼ੂ ਸੜਕ ’ਤੇ ਆ ਗਿਆ ਤੇ ਦੋਵਾਂ ਦੀ ਟੱਕਰ ਹੋ ਗਈ। ਟੱਕਰ ਇੰਨ੍ਹੀ ਭਿਆਨਕ ਸੀ ਕਿ ਮਨਜੀਤ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਇਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ।