Thursday, March 13, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਗੈਰ-ਪ੍ਰਮਾਣਿਤ ਝੋਨੇ ਦੇ ਬੀਜਾਂ ਖਿਲਾਫ਼ ਫੈਸਲਾਕੁੰਨ ਕਦਮ ਕਿਸਾਨਾਂ ਅਤੇ ਚੌਲ ਉਦਯੋਗ ਦੇ...

ਗੈਰ-ਪ੍ਰਮਾਣਿਤ ਝੋਨੇ ਦੇ ਬੀਜਾਂ ਖਿਲਾਫ਼ ਫੈਸਲਾਕੁੰਨ ਕਦਮ ਕਿਸਾਨਾਂ ਅਤੇ ਚੌਲ ਉਦਯੋਗ ਦੇ ਹਿੱਤਾਂ ਦੀ ਰਾਖੀ ਕਰੇਗਾ: ਗੁਰਮੀਤ ਸਿੰਘ ਖੁੱਡੀਆਂ

 

ਚੰਡੀਗੜ੍ਹ, 12 ਮਾਰਚ:

ਸੂਬੇ ਵਿੱਚ ਗੈਰ-ਪ੍ਰਮਾਣਿਤ ਬੀਜਾਂ ਦੀ ਵਿਕਰੀ ਅਤੇ ਖਰੀਦ ‘ਤੇ ਮੁਕੰਮਲ ਰੋਕ ਲਾਉਣ ਲਈ ਫੈਸਲਾਕੁੰਨ ਕਾਰਵਾਈ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਝੋਨੇ ਦੇ ਬੀਜਾਂ ਦੀ ਟਰੈਕਿੰਗ ਅਤੇ ਟਰੇਸਿੰਗ ਲਈ ਖੇਤੀਬਾੜੀ ਵਿਭਾਗ ਨੂੰ ਇੱਕ ਮਹੀਨੇ ਦੇ ਅੰਦਰ ਆਨਲਾਈਨ ਪੋਰਟਲ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਪੋਰਟਲ ਰਜਿਸਟਰਡ ਬੀਜ ਉਤਪਾਦਕਾਂ ਨੂੰ ਬੀਜਾਂ ਦੀ ਖਰੀਦ, ਵਿਕਰੀ ਅਤੇ ਮਿਕਦਾਰ ਸਮੇਤ ਝੋਨੇ ਦੇ ਬੀਜਾਂ ਨਾਲ ਸਬੰਧਤ ਹਰ ਲੈਣ-ਦੇਣ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨਾ ਲਾਜ਼ਮੀ ਕਰੇਗਾ ਤਾਂ ਜੋ ਡਿਜੀਟਲ ਰਿਕਾਰਡ ਨੂੰ ਮੇਨਟੇਂਨ ਰੱਖਦਿਆਂ ਬੀਜ ਸਪਲਾਈ ਚੇਨ ‘ਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਅਨੁਰਾਗ ਵਰਮਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨਾਲ ਅੱਜ ਇਥੇ ਆਪਣੇ ਦਫ਼ਤਰ ਵਿਖੇ ਸ਼ੈਲਰ ਮਾਲਕਾਂ, ਖੇਤੀਬਾੜੀ ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਪੰਜਾਬ ਦੇ ਖੇਤੀਬਾੜੀ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਪੀ.ਏ.ਯੂ. ਦੁਆਰਾ ਸਿਫ਼ਾਰਸ਼ ਕੀਤੇ ਗਏ ਝੋਨੇ ਦੇ ਮਿਆਰੀ ਬੀਜਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬੀਜ ਸਪਲਾਈ ਚੇਨ ਦੀ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ।

ਖੇਤੀਬਾੜੀ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਕਿਸੇ ਨੂੰ ਵੀ ਨਕਲੀ ਅਤੇ ਗੈਰ-ਪ੍ਰਮਾਣਿਤ ਝੋਨੇ ਦੇ ਬੀਜ, ਜਿਸ ਨਾਲ ਫ਼ਸਲ ਦੀ ਪੈਦਾਵਾਰ ਘੱਟ ਹੁੰਦੀ ਹੈ ਅਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੁੰਦਾ ਹੈ, ਵੇਚ ਕੇ ਸਾਡੇ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਰ-ਪ੍ਰਮਾਣਿਤ ਬੀਜਾਂ ਵਿੱਚ ਅਕਸਰ ਜੈਨੇਟਿਕ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਦੀ ਘਾਟ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਫ਼ਸਲ ਦਾ ਵਿਕਾਸ ਰੁਕ ਜਾਂਦਾ ਹੈ, ਅਨਾਜ ਉਤਪਾਦਨ ਘੱਟ ਜਾਂਦਾ ਹੈ ਅਤੇ ਕੀੜਿਆਂ ਅਤੇ ਬਿਮਾਰੀਆਂ ਪ੍ਰਤੀ ਫ਼ਸਲ ਦੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਇਹ ਝੋਨੇ ਤੋਂ ਚੌਲਾਂ ਦੀ ਮਿਲਿੰਗ ਸਮੇਂ ਸੂਬੇ ਦੇ ਸ਼ੈਲਰ ਉਦਯੋਗ ਲਈ ਵੀ ਸਮੱਸਿਆ ਪੈਦਾ ਕਰਦਾ ਹੈ। ਇਹ ਚੌਲਾਂ ਅਤੇ ਸਮੁੱਚੀ ਖੇਤੀ ਪੈਦਾਵਾਰ ਦੇ ਬਾਜ਼ਾਰੂ ਮੁੱਲ ਨੂੰ ਪ੍ਰਭਾਵਤ ਕਰਦਾ ਹੈ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਨਵਾਂ ਆਨਲਾਈਨ ਪੋਰਟਲ ਇੱਕ ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹੀ ਬੀਜ ਸਪਲਾਈ ਚੇਨ ਤਿਆਰ ਕਰਦਿਆਂ ਪੰਜਾਬ ਦੀ ਖੇਤੀ ਲਈ ਇੱਕ ਵਧੇਰੇ ਟਿਕਾਊ ਅਤੇ ਖੁਸ਼ਹਾਲ ਭਵਿੱਖ ਵਿੱਚ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦਾ ਉਦੇਸ਼ ਗੈਰ-ਪ੍ਰਮਾਣਿਤ ਬੀਜਾਂ ਦੀ ਵਿਕਰੀ ਨੂੰ ਖਤਮ ਕਰਕੇ, ਫਸਲ ਦੀ ਪੈਦਾਵਾਰ ਵਿੱਚ ਸੁਧਾਰ ਕਰਨਾ, ਖੇਤੀਬਾੜੀ ਉਤਪਾਦਕਤਾ ਵਧਾਉਣਾ ਅਤੇ ਸਾਡੇ ਚੌਲਾਂ ਦੀ ਗੁਣਵੱਤਾ ਪ੍ਰਤੀ ਖਪਤਕਾਰਾਂ ਦੇ ਵਿਸ਼ਵਾਸ ਨੂੰ ਵਧਾਉਣਾ ਹੈ।

ਇਸ ਮੀਟਿੰਗ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਿਸ਼ੇਸ਼ ਸਕੱਤਰ ਖੇਤੀਬਾੜੀ ਸ਼੍ਰੀਮਤੀ ਬਲਦੀਪ ਕੌਰ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਡੱਬੀ: ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ

ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸੂਬੇ ਦੇ ਕਿਸਾਨਾਂ ਨੂੰ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਝੋਨੇ ਦੇ ਬੀਜ ਦੀਆਂ ਕਿਸਮਾਂ ਖਰੀਦਣ ਦੀ ਅਪੀਲ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਬੀਜਾਂ ਅਤੇ ਹੋਰ ਖੇਤੀ ਸਮੱਗਰੀ ਖ਼ਰੀਦਣ ਸਮੇਂ ਰਸੀਦ ਅਤੇ ਬਿੱਲ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਨੇ ਝੋਨੇ ਦੀਆਂ 11 ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ, ਜਿਨ੍ਹਾਂ ਵਿੱਚ ਪੀ.ਆਰ. 131, ਪੀ.ਆਰ. 130, ਪੀ.ਆਰ. 129, ਪੀ.ਆਰ. 128, ਐਚ.ਕੇ.ਆਰ. 47, ਪੀ.ਆਰ. 127, ਪੀ.ਆਰ. 126, ਪੀ.ਆਰ. 122, ਪੀ.ਆਰ. 121, ਪੀ.ਆਰ. 114 ਅਤੇ ਪੀ.ਆਰ. 113 ਸ਼ਾਮਲ ਹਨ।