ਨਵੀਂ ਦਿੱਲੀ- ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਫੀ ਦਿਲਚਸਪ ਹੁੰਦੇ ਜਾ ਰਹੇ ਹਨ। ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਦੀ ਆਤਿਸ਼ੀ ਨੇ ਕਾਲਕਾਜੀ ਸੀਟ ਜਿੱਤ ਲਈ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਰਮੇਸ਼ ਬਿਧੂੜੀ ਅਤੇ ਕਾਂਗਰਸ ਦੇ ਅਲਕਾ ਲਾਂਬਾ ਨਾਲ ਰਿਹਾ। ਆਤਿਸ਼ੀ ਨੂੰ ਕੁੱਲ 47267 ਵੋਟਾਂ ਪਈਆਂ, ਉਨ੍ਹਾਂ ਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੂੰ 44472 ਵੋਟਾਂ ਦੇ ਫ਼ਰਕ ਨਾਲ ਹਰਾਇਆ। ਜਦਕਿ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੂੰ 3803 ਵੋਟਾਂ ਹੀ ਮਿਲੀਆਂ।
ਦੱਸ ਦੇਈਏ ਕਿ ਦਿੱਲੀ ਵਿਚ ਕੁੱਲ 70 ਸੀਟਾਂ ਹਨ ਅਤੇ ਬਹੁਮਤ ਲਈ 36 ਸੀਟਾਂ ਦਾ ਹੋਣਾ ਜ਼ਰੂਰੀ ਹੈ। ਆਮ ਆਦਮੀ ਪਾਰਟੀ ਨੇ 2013, 2015 ਅਤੇ 2020 ਵਿਚ ਦਿੱਲੀ ‘ਚ ਸਰਕਾਰ ਬਣਾਈ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। ਆਤਿਸ਼ੀ ਸਤੰਬਰ 2024 ਤੋਂ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ 1998, 2003 ਅਤੇ 2008 ‘ਚ ਕਾਂਗਰਸ ਦੀ ਜਿੱਤ ਹੋਈ ਸੀ ਅਤੇ ਸ਼ੀਲਾ ਦੀਕਸ਼ਤ ਮੁੱਖ ਮੰਤਰੀ ਬਣੀ ਸੀ। ਭਾਜਪਾ ਨੇ 1993 ਵਿਚ ਪਹਿਲੀ ਵਾਰ ਦਿੱਲੀ ਵਿੱਚ ਜਿੱਤ ਹਾਸਲ ਕੀਤੀ ਸੀ। ਰਾਜਧਾਨੀ ਵਿਚ 5 ਫਰਵਰੀ ਨੂੰ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਮੁਤਾਬਕ ਕੁੱਲ 60.54 ਫੀਸਦੀ ਵੋਟਾਂ ਪਈਆਂ।