ਨਵੀਂ ਦਿੱਲੀ- ਦਿੱਲੀ ‘ਚ ਸਰਕਾਰ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦਾ ਸਮਾਂ ਆ ਗਿਆ ਹੈ। ਦਿੱਲੀ ਚੋਣਾਂ ਦਾ ਪਹਿਲਾ ਰੁਝਾਨ ਆ ਗਿਆ ਹੈ, ਜੋ ਕਿ ਭਾਜਪਾ ਦੇ ਪੱਖ ਵਿਚ ਹੈ। ਹੁਣ ਤਕ ਭਾਜਪਾ 37, ਆਮ ਆਦਮੀ ਪਾਰਟੀ 27 ਅਤੇ ਕਾਂਗਰਸ 1 ਸੀਟ ‘ਤੇ ਅੱਗੇ ਦੱਸੀ ਜਾ ਰਹੀ ਹੈ। ਤਾਜ਼ਾ ਰੁਝਾਨਾਂ ਮੁਤਾਬਕ ਨਵੀਂ ਦਿੱਲੀ ਸੀਟ ‘ਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਭਾਜਪਾ ਦੇ ਪ੍ਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਦੇ ਮੁਕਾਬਲੇ ਪਿੱਛੇ ਚੱਲ ਰਹੇ ਹਨ। ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਸੀਟ ‘ਤੇ ਭਾਜਪਾ ਦੇ ਰਮੇਸ਼ ਬਿਧੂੜੀ ਤੋਂ ਪਿੱਛੇ ਹਨ।
ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ੁਰੂਆਤੀ ਰੁਝਾਨਾਂ ਵਿਚ ਜੰਗਪੁਰਾ ਤੋਂ ਪਿੱਛੇ ਦੱਸੇ ਜਾ ਰਹੇ ਹਨ। ਕਰਾਵਲ ਨਗਰ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਅੱਗੇ ਚੱਲ ਰਹੇ ਹਨ, ਜਦਕਿ ‘ਆਪ’ ਦੇ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਸੀਟ ਤੋਂ ਅੱਗੇ ਚੱਲ ਰਹੇ ਹਨ। ਦਿੱਲੀ ‘ਚ 5 ਫਰਵਰੀ ਨੂੰ ਹੋਈਆਂ ਚੋਣਾਂ ‘ਚ 1.55 ਕਰੋੜ ਯੋਗ ਵੋਟਰਾਂ ‘ਚੋਂ 60.54 ਫੀਸਦੀ ਨੇ ਵੋਟ ਪਾਈ ਸੀ।
ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਕੁੱਲ 699 ਉਮੀਦਵਾਰ ਮੈਦਾਨ ਵਿਚ ਹੈ। ‘ਆਪ’ ਅਤੇ ਕਾਂਗਰਸ 70-70 ਸੀਟਾਂ ‘ਤੇ, ਭਾਜਪਾ 68 ਸੀਟਾਂ ‘ਤੇ ਚੋਣ ਲੜ ਰਹੀਆਂ ਹਨ। ਐਨਡੀਏ ਨੇ ਇੱਕ ਸੀਟ ਜੇਡੀਯੂ ਨੂੰ ਅਤੇ ਇੱਕ ਸੀਟ ਐਲਜੇਪੀ (ਆਰ) ਨੂੰ ਦਿੱਤੀ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ। ਦੱਸ ਦੇਈਏ ਕਿ ਵੋਟਿੰਗ 5 ਫਰਵਰੀ ਨੂੰ ਇਕੋ ਪੜਾਅ ਵਿਚ ਹੋਈ ਸੀ। ਦਿੱਲੀ ਚੋਣਾਂ ‘ਚ 699 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ, ਜਿਨ੍ਹਾਂ ‘ਚ 602 ਪੁਰਸ਼, 96 ਔਰਤਾਂ ਅਤੇ 1 ਹੋਰ ਉਮੀਦਵਾਰ ਸ਼ਾਮਲ ਹੈ।