ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਹੜ੍ਹ ਮਾਰੇ ਖੇਤਰਾਂ ਵਿਚ ਰਾਹਤ ਕਾਰਜ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਚਲਾਏ ਜਾ ਰਹੇ ਹਨ। ਕਮੇਟੀ ਵੱਲੋਂ ਅਜਨਾਲਾ ਦੇ ਹਡਰਕਲਾਂ ਅਤੇ ਗੁੱਜਰਪੁਰ ਪਿੰਡਾਂ ਵਿਚ ਐੱਸ. ਕੇ. ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰਕੇ ਇਲਾਜ ਕਰ ਰਹੀ ਹੈ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਮੈਂਬਰ ਭੁਪਿੰਦਰ ਸਿੰਘ ਗਿੰਨੀ ਅਤੇ ਰਾਜਿੰਦਰ ਸਿੰਘ ਖਿਆਲਾ ਦੀ ਮੌਜੂਦਗੀ ਵਿਚ ਮੈਡੀਕਲ ਕੈਂਪ ਦੀ ਸ਼ੁਰੂਆਤ ਕੀਤੀ ਗਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਰਾਹਤ ਕਾਰਜ ਨਿਰੰਤਰ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਡੇਰਾ ਪਠਾਣਾਂ ਅਤੇ ਅਜਨਾਲਾ ਵਿਚ ਲੰਗਰ ਸੇਵਾ ਲਗਾਤਾਰ ਚੱਲ ਰਹੀ ਹੈ ਅਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਲੈ ਕੇ 400 ਤੋਂ ਜ਼ਿਆਦਾ ਵਲੰਟੀਅਰਜ਼ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਲੋਕਾਂ ਨੂੰ ਸੁੱਕਾ ਰਾਸ਼ਨ, ਦਵਾਈਆਂ, ਮੱਛਰਦਾਨੀਆਂ, ਤਰਪਾਲਾਂ, ਨੌਜਵਾਨਾਂ ਨੂੰ ਟਰੈਕ ਸੂਟ ਵੀ ਉਪਲਬਧ ਕਰਵਾਏ ਜਾ ਰਹੇ ਹਨ ਜਿਹਨਾਂ ਦੀ ਵੰਡ ਪ੍ਰਧਾਨ ਤੇ ਜਨਰਲ ਸਕੱਤਰ ਨੇ ਖੁਦ ਲੋਕਾਂ ਵਿਚ ਜਾ ਕੇ ਕੀਤੀ ਹੈ।