ਨਵੀਂ ਦਿੱਲੀ- ਦਿੱਲੀ ਦੀ ਇਕ ਸਥਾਨਕ ਅਦਾਲਤ ਨੇ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸਬੰਧਤ ਇਕ ਮਾਮਲੇ ‘ਚ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੇ ਮੁਲਜ਼ਮ 12 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਇਸਤਗਾਸਾ ਪੱਖ ਮੁਤਾਬਕ ਦੋਸ਼ੀ ਉਸ ਦੰਗਾਕਾਰੀ ਭੀੜ ਦਾ ਹਿੱਸਾ ਸਨ, ਜਿਸ ਨੇ 26 ਫਰਵਰੀ, 2020 ਨੂੰ ਗੋਕਲਪੁਰੀ ਖੇਤਰ ਵਿਚ ਹਾਸ਼ਿਮ ਅਲੀ ਨਾਮਕ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਵਧੀਕ ਸੈਸ਼ਨ ਜੱਜ ਪੁਲਾਸਤਿਆ ਪ੍ਰਮਾਚਲਾ ਨੇ ਕਿਹਾ ਕਿ ਹਾਲਾਤੀ ਸਬੂਤ ਮੁਲਜ਼ਮ ਦੀ ਭੀੜ ਦਾ ਹਿੱਸਾ ਹੋਣ ਵਜੋਂ ਪਛਾਣ ਸਥਾਪਤ ਕਰਨ ਲਈ ਕਾਫ਼ੀ ਨਹੀਂ ਸਨ।
30 ਅਪ੍ਰੈਲ ਨੂੰ ਦਿੱਤੇ ਆਪਣੇ 52 ਪੰਨਿਆਂ ਦੇ ਆਦੇਸ਼ ਵਿਚ ਜੱਜ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਹਾਲਾਤੀ ਸਬੂਤ ਦੇ ਨਾਮ ‘ਤੇ ਕੁਝ ਸਬੂਤ ਹਨ, ਜੋ ਕਿਸੇ ਵੀ ਮੁਲਜ਼ਮ ਨੂੰ ਅਪਰਾਧੀ ਭੀੜ ਦਾ ਮੈਂਬਰ ਦਿਖਾਉਣ ਲਈ ਕਾਫ਼ੀ ਨਹੀਂ ਹਨ। ਫਿਰ ਅਦਾਲਤ ਨੇ ਲੋਕੇਸ਼ ਕੁਮਾਰ ਸੋਲੰਕੀ, ਪੰਕਜ ਸ਼ਰਮਾ, ਅੰਕਿਤ ਚੌਧਰੀ, ਪ੍ਰਿੰਸ, ਜਤਿਨ ਸ਼ਰਮਾ, ਹਿਮਾਂਸ਼ੂ ਠਾਕੁਰ, ਵਿਵੇਕ ਪੰਚਾਲ, ਰਿਸ਼ਭ ਚੌਧਰੀ, ਸੁਮਿਤ ਚੌਧਰੀ, ਟਿੰਕੂ ਅਰੋੜਾ, ਸੰਦੀਪ ਅਤੇ ਸਾਹਿਲ ਨੂੰ ਬਰੀ ਕਰ ਦਿੱਤਾ। ਇਸ ‘ਚ ਕਿਹਾ ਗਿਆ ਹੈ ਕਿ ਇਸਤਗਾਸਾ ਪੱਖ ਨੇ ਹਾਲਾਤੀ ਸਬੂਤਾਂ ‘ਤੇ ਭਰੋਸਾ ਕੀਤਾ ਸੀ ਕਿਉਂਕਿ ਚਸ਼ਮਦੀਦਾਂ ਨੇ ਮੁਲਜ਼ਮ ਦੀ ਪਛਾਣ ਕਰਨ ਲਈ ਇਸ ਦੇ ਕੇਸ ਦਾ ਸਮਰਥਨ ਨਹੀਂ ਕੀਤਾ ਸੀ।