ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਸੜਕਾਂ ਦੀ ਮੁਰੰਮਤ ਸਮੇਤ ਕਈ ਕੰਮ ਮੁੜ ਤੋਂ ਸ਼ੁਰੂ ਕਰੇਗੀ, ਜੋ ਕਿ ਆਪ’ ਮੁਖੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿਚ ਹੋਣ ਦੌਰਾਨ ਭਾਜਪਾ ਨੇ ਇਸ ਵਿਚ ਵਿਘਨ ਪਾਇਆ ਗਿਆ ਸੀ। ਆਤਿਸ਼ੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਰਾਬ ਹੋਈਆਂ ਸੜਕਾਂ ਦੀ ਮੁਰੰਮਤ ਕਰਵਾਏਗੀ।
ਉਨ੍ਹਾਂ ਕਿਹਾ ਕਿ ਪਾਰਟੀ ਨੇ 89 ਨੁਕਸਾਨੀਆਂ ਲੋਕ ਨਿਰਮਾਣ ਵਿਭਾਗ (PWD) ਦੀਆਂ ਸੜਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਲਈ 74 ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਨੇਤਾਵਾਂ ਨੇ ਕਈ ਨਿਰੀਖਣਾਂ ਦੌਰਾਨ ਕੁੱਲ 6,671 ਟੋਇਆ ਦੀ ਪਛਾਣ ਕੀਤੀ ਹੈ ਅਤੇ ਇਨ੍ਹਾਂ ਵਿਚੋਂ 3,454 ਨੂੰ ਪਹਿਲਾਂ ਵੀ ਭਰਿਆ ਜਾ ਚੁੱਕਾ ਹੈ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਵਿਚ ਸੀ ਤਾਂ ਇਨ੍ਹਾਂ ਲੋਕਾਂ (ਭਾਜਪਾ) ਨੇ ਦਿੱਲੀ ਸਰਕਾਰ ਦੇ ਕਈ ਕੰਮ ਰੋਕ ਦਿੱਤੇ ਸਨ। ਮੇਰੇ ਵਾਪਸ ਆਉਣ ਤੋਂ ਬਾਅਦ ਮੈਂ ਅਤੇ ਆਤਿਸ਼ੀ ਨੇ ਸੜਕਾਂ ਦਾ ਮੁਆਇਨਾ ਕੀਤਾ ਅਤੇ ਵੇਖਿਆ ਕਿ ਉਹ ਚੰਗੀ ਹਾਲਤ ਵਿਚ ਨਹੀਂ ਹਨ। ਮੈਂ ਉਨ੍ਹਾਂ ਨੂੰ ਇਕ ਚਿੱਠੀ ਲਿਖੀ ਸੀ ਅਤੇ ਬੇਨਤੀ ਕੀਤੀ ਕਿ ਆਤਿਸ਼ੀ ਜੀ ਇਨ੍ਹਾਂ ਸੜਕਾਂ ਦੀ ਤੁਰੰਤ ਪ੍ਰਭਾਵ ਨਾਲ ਮੁਰੰਮਤ ਕਰਾਉਣ।।