ਬਠਿੰਡਾ : ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 15 ਦਿਨਾਂ ਲਈ ਫਾਰਗ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਬਠਿੰਡਾ ਪਹੁੰਚੇ ਹਨ। ਸੂਤਰਾਂ ਮੁਤਾਬਕ ਆਪਣੇ ਪ੍ਰਾਈਵੇਟ ਹਾਲੀਕਾਪਟਰ ਰਾਹੀਂ ਡੇਰਾ ਮੁਖੀ ਬਠਿੰਡਾ ਪਹੁੰਚੇ ਅਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਗਏ। ਜਿੱਥੇ ਉਨ੍ਹਾਂ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਲੰਬੀ ਮੀਟਿੰਗ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਹੈਲੀਕਾਪਟਰ ਰਾਹੀਂ ਆਪਣੇ ਬਠਿੰਡਾ ਵਿਖੇ ਸਥਿਤ ਡੇਰਾ ਰਾਧਾ ਸੁਆਮੀ ਵਿਖੇ ਪੁੱਜੇ, ਜਿਥੇ ਉਹ ਸ਼ਰਧਾਲੂਆਂ ਨੂੰ ਮਿਲਣ ਉਪਰੰਤ ਕਾਰ ਰਾਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ’ਤੇ ਪੁੱਜੇ। ਉਨ੍ਹਾਂ ਦੀ ਕਾਫ਼ੀ ਸਮਾਂ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਚੱਲੀ ਪਰ ਗੱਲਬਾਤ ਦੇ ਅੰਸ਼ ਅਜੇ ਤੱਕ ਬਾਹਰ ਨਹੀਂ ਆ ਸਕੇ। ਉਨ੍ਹਾਂ ਦੀ ਆਮਦ ਨੂੰ ਲੈ ਕੇ ਪੁਲਿਸ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।