ਪਟਿਆਲਾ/ਨਾਭਾ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਨਾਭਾ ਦੇ ਡੇਰਾ ਬਿਆਸ ਵਿਖੇ ਪਹੁੰਚੇ। ਸੰਗਤ ਨੂੰ ਦਰਸ਼ਨ ਦੇਣ ਤੋਂ ਬਾਅਦ ਉਹ ਨਾਭਾ ਦੇ ਇਤਿਹਾਸਿਕ ਹੀਰਾ ਮਹਿਲ ਵਿਖੇ ਰਾਣੀ ਪ੍ਰੀਤੀ ਸਿੰਘ ਵੰਸ਼ਜ ਮਹਾਰਾਜਾ ਹੀਰਾ ਸਿੰਘ ਦੇ ਮਹਿਲ ਪਹੁੰਚੇ ਅਤੇ ਉਨ੍ਹਾਂ ਨੇ ਮਹਿਲ ਦਾ ਦੌਰਾ ਕੀਤਾ। ਬਾਬਾ ਗੁਰਿੰਦਰ ਸਿੰਘ ਢਿਲੋਂ ਹੀਰਾ ਮਹਿਲ ਵਿਚ ਕਰੀਬ 2 ਘੰਟੇ ਰਹੇ। ਇਸ ਮੌਕੇ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਰਾਣੀ ਪ੍ਰੀਤੀ ਸਿੰਘ ਅਤੇ ਵਿਧਾਇਕ ਦੇਵਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਪਹਿਲੀ ਵਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਪਹੁੰਚੇ ਹਨ।
ਇਸ ਮੌਕੇ ‘ਤੇ ਸੰਗਤਾਂ ਵਿਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸੰਗਤਾਂ ਦੂਰੋਂ-ਦੂਰੋਂ ਡੇਰਾ ਮੁਖੀ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੀਆਂ ਹੋਈਆਂ ਸਨ। ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਹਾਨ ਸ਼ਬਦ ਕੋਸ਼ ਵੀ ਭੇਟ ਕੀਤਾ ਗਿਆ। ਇਸ ਮੌਕੇ ਮਹਾਰਾਜਾ ਹੀਰਾ ਸਿੰਘ ਦੇ ਵੰਸ਼ਜ ਰਾਣੀ ਪ੍ਰੀਤੀ ਸਿੰਘ ਅਤੇ ਉਨ੍ਹਾਂ ਦੇ ਬੇਟੇ ਅਭੈਉਦੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਕ ਸਾਲ ਪਹਿਲਾਂ ਬਾਬਾ ਜੀ ਨਾਲ ਸਾਡੀ ਮੁਲਾਕਾਤ ਹੋਈ ਸੀ ਅਤੇ ਅਸੀਂ ਬੇਨਤੀ ਕੀਤੀ ਸੀ ਕਿ ਉਹ ਮਹਿਲ ਵਿਚ ਜ਼ਰੂਰ ਆਉਣ ਅਤੇ ਅੱਜ ਉਹ ਹੀਰਾ ਮਹਿਲ ਵਿਚ ਪਹੁੰਚੇ ਹਨ।