ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਰਾਧਾ ਸਵਾਮੀ ਸਤਿਸੰਗ ਬਿਆਸ (ਆਰਐੱਸਐੱਸਬੀ) ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ‘ਮਨੁੱਖਤਾ ਦੀ ਸੇਵਾ’ ‘ਚ ਸੰਪਰਦਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸੈਣੀ ਨੇ ਇੱਥੇ ਆਪਣੇ ਅਧਿਕਾਰਤ ਨਿਵਾਸ ਸੰਤ ਕਬੀਰ ਕੁਟੀਰ ‘ਚ ਮੁਲਾਕਾਤ ਦੌਰਾਨ ਕਿਹਾ ਕਿ ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਸਦਭਾਵਨਾ ਲਈ ਆਰਐੱਸਐੱਸਬੀ ਵਲੋਂ ਕੀਤਾ ਜਾ ਰਿਹਾ ਲਗਾਤਾਰ ਕੰਮ ਅਦਭੁੱਤ ਅਤੇ ਪ੍ਰੇਰਨਾਦਾਇਕ ਹੈ। ਮੁੱਖ ਮੰਤਰੀ ਨੇ ‘ਐਕਸ’ ‘ਤੇ ਇਕ ਪੋਸਟ ‘ਚ ਗੁਰਿੰਦਰ ਢਿੱਲੋਂ ਨੂੰ ਵਧਾਈ ਦਿੰਦੇ ਹੋਏ ਆਪਣੀ ਅਤੇ ਆਪਣੀ ਪਤਨੀ ਸੁਮਨ ਸੈਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਨੇ ਪੋਸਟ ‘ਚ ਲਿਖਿਆ,”ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ‘ਚ ਸੰਤਾਂ ਅਤੇ ਮਹਾਪੁਰਸ਼ਾਂ ਨੇ ਹਮੇਸ਼ਾ ਵੱਡੀ ਭੂਮਿਕਾ ਨਿਭਾਈ ਹੈ। ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਸਦਭਾਵਨਾ ਲਈ ਆਰਐੱਸਐੱਸਬੀ ਵਲੋਂ ਲਗਾਤਾਰ ਕੀਤਾ ਜਾ ਰਿਹਾ ਕੰਮ ਆਪਣੇ ਆਪ ‘ਚ ਅਦਭੁੱਤ ਅਤੇ ਪ੍ਰੇਰਨਾਦਾਇਕ ਹੈ। ਤੁਹਾਡਾ ਆਸ਼ੀਰਵਾਦ ਪ੍ਰਦੇਸ਼ ਦੇ ਮੇਰੇ ਪਰਿਵਾਰ ਵਾਲਿਆਂ ‘ਤੇ ਬਣਿਆ ਰਹੇ।”