ਆਮ ਆਦਮੀ ਪਾਰਟੀ ਦੀ ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਭਾਜਪਾ ਦੀ ਕੇਂਦਰ ਦੀ ਸੱਤਾਧਿਰ ਸਰਕਾਰ ’ਤੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਵੱਲੋਂ ਕੇਂਦਰ ਨੂੰ ਆਮਦਨ ਟੈਕਸ ਦਿੱਤੇ ਜਾਣ ਦੇ ਬਾਵਜੂਦ ਦਿੱਲੀ ਨੂੰ ਕੁੱਝ ਵੀ ਨਹੀਂ ਦਿੱਤਾ ਗਿਆ। ਦਰਅਸਲ ਆਤਿਸ਼ੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੇਂਦਰ ਤੋਂ 10,000 ਕਰੋੜ ਦੀ ਮੰਗ ਕੀਤੀ ਨਾਲ ਹੀ ਦਾਅਵਾ ਕੀਤਾ ਕਿ ਬੀਤੇ ਵਰ੍ਹੇ ਦੋ ਲੱਖ ਕਰੋੜ ਰੁਪਏ ਦਾ ਆਮਦਨ ਟੈਕਸ ਦੇਣ ਦੇ ਬਾਵਜੂਦ ਦਿੱਲੀ ਨੂੰ ਕੱਝ ਨਹੀਂ ਮਿਲਿਆ।
ਆਤਿਸ਼ੀ ਨੇ ਦੱਸਿਆ ਕਿ ਦਿੱਲੀ ਨੇ ਕੇਂਦਰੀ ਕਰ ਵਿਚ ਜੀਐੱਸਟੀ ਦੇ ਰੂਪ ਵਿਚ 25 ਹਜ਼ਾਰ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਕੇਂਦਰ ਸਰਕਾਰ ਦਾ ਸਲਾਨਾ ਬਜਟ ਆਉਣ ਤੋਂ ਪਹਿਲਾਂ ਇਹ ਰਾਸ਼ੀ ਜਾਰੀ ਕਰਨ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਰਾਸ਼ੀ ਸੜਕਾਂ, ਅਵਾਜਾਈ, ਅਤੇ ਬਿਜਲੀ ਖੇਤਰ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ’ਤੇ ਖਰਚ ਕੀਤੀ ਜਾ ਸਕਦੀ ਹੈ।