ਅੰਮ੍ਰਿਤਸਰ -‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਤ੍ਰਿਵੇਦੀ ਨੇ ਭਾਰੀ ਪੁਲਸ ਫੋਰਸ ਨਾਲ ਅੰਮ੍ਰਿਤਸਰ ਕੇਂਦਰੀ ਜੇਲ੍ਹ ਦਾ ਅਚਨਚੇਤ ਨਿਰੀਖਣ ਕੀਤਾ, ਜਿਸ ਵਿਚ 150 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਸਨ ਅਤੇ ਜੇਲ੍ਹ ਦਾ ਚੱਪਾ-ਚੱਪਾ ਖੰਗਾਲਿਆ ਗਿਆ। ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਨੇ ਦੱਸਿਆ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਏ. ਆਈ. ਅਧਾਰਿਤ ਨਿਗਰਾਨੀ ਸਿਸਟਮ ਅਧੀਨ 195 ਕੈਮਰੇ ਲਗਾਏ ਜਾ ਰਹੇ ਹਨ ਜੋ ਜੇਲ੍ਹ ਦੇ ਚੱਪੇ-ਚੱਪੇ ’ਤੇ ਨਜ਼ਰ ਰੱਖਣਗੇ। ਫਿਲਹਾਲ ਇਹ ਸਿਸਟਮ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਵਿਚ ਕਪੂਰਥਲਾ, ਪਟਿਆਲਾ ਅਤੇ ਬਠਿੰਡਾ ਸ਼ਾਮਲ ਹੈ।
ਜੇਲ੍ਹ ਵਿਚ ਬੰਦ ਗੈਂਗਸਟਰਾਂ ਦੀ ਹਰ ਹਰਕਤ ’ਤੇ ਪੂਰੀ ਨਜ਼ਰ ਰੱਖਣ ਲਈ ‘ਕਵਚ ਜੈਮਰ’ ਲਗਾਏ ਜਾ ਰਹੇ ਹਨ, ਗੈਂਗਸਟਰਾਂ ਨੂੰ ਰੱਖਣ ਵਾਲੀਆਂ ਬੈਰਕਾਂ ਵਿਚ 20 ਗਜ਼ ਦੇ ‘ਕਵਚ ਜੈਮਰ’ ਲਗਾਏ ਜਾਣਗੇ।
ਕੈਦੀਆਂ ਨੂੰ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਤਿੰਨ ਜੇਲ੍ਹ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ 10 ਦਿਨਾਂ ਦੌਰਾਨ ਕੈਦੀਆਂ ਤੋਂ 15 ਸਮਾਰਟਫੋਨ ਅਤੇ 25 ਕੀਪੈਡ ਫੋਨ ਬਰਾਮਦ ਕੀਤੇ ਗਏ ਹਨ।ਬੇਸ਼ੱਕ, ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਨੂੰ ਹਾਈਟੇਕ ਬਣਾਉਣ ਲਈ ਇਸ ਦਾ ਨਾਮ ਨਿਰਮਾਣ ਕੀਤਾ ਗਿਆ ਸੀ, ਪਰ ਵਿਡੰਬਨਾ ਇਹ ਹੈ ਕਿ ਇਸ ਜੇਲ ਦੀ ਸਮਰੱਥਾ 2200 ਕੈਦੀਆਂ ਨੂੰ ਰੱਖਣ ਦੀ ਹੈ, ਜਦਕਿ ਇਸ ਵੇਲੇ ਇੱਥੇ 4100 ਕੈਦੀ ਹਨ, ਜੋ ਕਿ ਗਿਣਤੀ ਤੋਂ ਦੁੱਗਣੀ ਹੈ। 4ਜੀ ਨੂੰ ਰੋਕਣ ਲਈ ਜੈਮਰ ਲਗਾਏ ਗਏ ਸਨ ਪਰ ਹੁਣ ਬਹੁਤ ਜਲਦੀ 5ਜੀ ਨੈੱਟਵਰਕ ਨੂੰ ਰੋਕਣ ਲਈ ਜੈਮਰਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ।