ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਸਿੱਧੀ ਫੀਡਬੈਕ ਲੈਣ ਦੇ ਮੱਦੇਨਜ਼ਰ ਚੱਲ ਰਹੇ ਗਰਾਊਂਡ-ਜ਼ੀਰੋ ਟੂਰ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਇੱਕ ਗ਼ੈਰ-ਰਸਮੀ ਗੱਲਬਾਤ ਕੀਤੀ। ਇਸ ਗੱਲਬਾਤ ਦਾ ਟੀਚਾ ਜਨਤਕ ਸੁਰੱਖਿਆ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸੁਝਾਅ ਪ੍ਰਾਪਤ ਕਰਨਾ ਸੀ। ਇਸ ਦੌਰਾਨ ਡੀਜੀਪੀ ਨੇ ਆਖਿਆ ਕਿ ਲੁਧਿਆਣਾ ਇੱਕ ਉਦਯੋਗਿਕ ਧੁਰਾ ਹੈ, ਅਸੀਂ ਇਸਨੂੰ ਰਾਜ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣਾਉਣ ਲਈ ਬਿਹਤਰ ਕਾਨੂੰਨ ਅਤੇ ਵਿਵਸਥਾ ਦੇਣਾ ਚਾਹੁੰਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਬਹੁਤ ਵੱਡੇ ਪੱਧਰ ਦੇ ਸੁਧਾਰ ਵੇਖੋਗੇ।
ਦਰਅਸਲ ਡੀਜੀਪੀ ਗੌਰਵ ਯਾਦਵ ਅੱਜ ਇੱਥੇ ਲੁਧਿਆਣਾ ਦੇ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (ਸੀ.ਐਸ.ਆਰ.) ਫੰਡਿੰਗ ਰਾਹੀਂ ਸਿਟੀ ਪੀ.ਸੀ.ਆਰ. (ਪੁਲਿਸ ਕੰਟਰੋਲ ਰੂਮ) ਵਿੱਚ ਸ਼ਾਮਲ ਕੀਤੇ ਗਏ 14 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇਣ ਲਈ ਪਹੁੰਚੇ ਸੀ। ਇਸ ਮੌਕੇ ਉਨ੍ਹਾਂ ਨੇ ਪੁਲੀਸ ਲਾਈਨਜ਼ ਲੁਧਿਆਣਾ ਵਿਖੇ ਮੁਰੰਮਤ ਕੀਤੇ ਗਜ਼ਟਿਡ ਅਫਸਰਜ਼ (ਜੀਓ) ਮੈਸ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਆਖਿਆ ਕਿ ਇਨ੍ਹਾਂ ਨਵੇਂ 14 ਵਾਹਨਾਂ ਦੇ ਨਾਲ, ਪੀ.ਸੀ.ਆਰ. ਫਲੀਟ ਦੀ ਕੁੱਲ ਸਮਰੱਥਾ ਵਧ ਕੇ 71 ਹੋ ਗਈ ਹੈ।
ਮੀਟਿੰਗ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਸਨਅਤਕਾਰਾਂ ਨਾਲ ਗੈਰ-ਰਸਮੀ ਗੱਲਬਾਤ ’ਚ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਤੋਂ ਸਿੱਧੀ ਫੀਡਬੈਕ ਲਈ। ਉਨ੍ਹਾਂ ਨੇ ਉਦਯੋਗਪਤੀਆਂ ਦੇ ਬਹੁਤੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਵਿੱਚ ਪੁਲਿਸ ਨਫ਼ਰੀ ਦੀ ਘਾਟ, ਸ਼ਹਿਰ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਕਮੀ, ਵੱਡੇ ਖ਼ਤਰੇ ਵਜੋਂ ਉਭਰ ਰਹੇ ਸਾਈਬਰ ਅਪਰਾਧ ਤੇ ਧੋਖਾਧੜੀ, ਟਰੈਫਿਕ ਜਾਮ, ਰਾਤ ਦੀ ਸੁਰੱਖਿਆ ਆਦਿ ਸ਼ਾਮਲ ਹਨ। ਇਸ ਮੌਕੇ ਡੀ.ਜੀ.ਪੀ. ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਅਤੇ ਪੁਲਿਸ ਲੁਧਿਆਣਾ ਰੇਂਜ ਦੀ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਧਨਪ੍ਰੀਤ ਕੌਰ ਵੀ ਮੌਜੂਦ ਰਹੇ।