ਗਿੱਦੜਬਾਹਾ/ਜਲੰਧਰ -ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ‘ਤੇ ਵੱਡੇ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿਚ ਜਾਣ ਦੇ ਸੰਕੇਤ ਵੀ ਦਿੱਤੇ ਹਨ। ਗਿੱਦੜਬਾਹਾ ਵਿਖੇ ਸਮਰਥਕਾਂ ਨਾਲ ਮੀਟਿੰਗ ਕਰਦੇ ਹੋਏ ਡਿੰਪੀ ਢਿੱਲੋਂ ਨੇ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ‘ਤੇ ਅੰਨ੍ਹਾ ਭਰੋਸਾ ਕੀਤਾ ਪਰ ਘਿਓ-ਖਿੱਚੜੀ ਵਿਚ ਮੈਂ ਮੱਖੀ ਸੀ ਅਤੇ ਮੈਨੂੰ ਕੱਢ ਕੇ ਬਾਹਰ ਮਾਰਿਆ। ਸੰਬੋਧਨ ਦੌਰਾਨ ਭਾਵੁਕ ਹੁੰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਮੈਂ ਆਪਣਾ ਪਿਓ ਮਰਨ ‘ਤੇ ਇੰਨਾ ਨਹੀਂ ਰੋਇਆ ਜਿੰਨਾ ਮੈਂ ਕੱਲ੍ਹ ਰੋਇਆ ਹਾਂ।
ਵੱਡਾ ਖ਼ੁਲਾਸਾ ਕਰਦੇ ਹੋਏ ਡਿੰਪੀ ਢਿੱਲੋਂ ਨੇ ਕਿਹਾ ਕਿ ਮੈਨੂੰ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਤੋਂ ਆਫ਼ਰ ਆਉਂਦੇ ਰਹੇ ਹਨ ਪਰ ਮੈਂ ਹਰ ਇਕ ਨੂੰ ਹੱਥ ਜੋੜ ਕੇ ਨਾਂਹ ਕੀਤੀ ਹੈ। ਇਸੇ ਦਰਮਿਆਨ ਇਸੇ ਦੇ ਨਾਲ ਹੀ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਵਿਚ ਜਾਣ ਦੇ ਸੰਕੇਤ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਗਤ ਦਾ ਹੁਕਮ ਹੈ ਕਿ ਮੈਂ ਮੌਜੂਦਾ ਸਰਕਾਰ ਕੋਲ ਜਾਵਾਂ। ਅਸੀਂ ਸਾਰਿਆਂ ਨਾਲ ਗੱਲ ਕਰਕੇ ਮੈਂ ਆਪਣਾ ਫ਼ੈਸਲਾ ਲਵਾਂਗਾ ਅਤੇ ਮੈਂ ਦੋਬਾਰਾ ਇਸੇ ਜਗ੍ਹਾ ‘ਤੇ ਆ ਕੇ ਹੀ ਆਪਣਾ ਫ਼ੈਸਲਾ ਦੱਸਾਂਗਾ।