ਇੰਟਰਨੈਸ਼ਨਲ – ਯੂਗਾਂਡਾ ‘ਚ ਇਕ ਅਜੀਬ ਵਾਇਰਸ ‘ਡਿੰਗਾ ਡਿੰਗਾ’ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਹੁਣ ਤੱਕ 300 ਤੋਂ ਵੱਧ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਲੜਕੀਆਂ ਹਨ। ਇਸ ਬਿਮਾਰੀ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਡਾਕਟਰਾਂ ਨੂੰ ਇਸ ਦੇ ਇਲਾਜ ਵਿਚ ਕਾਫੀ ਦਿੱਕਤ ਆ ਰਹੀ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਕੰਬਣੀ ਅਤੇ ਕਮਜ਼ੋਰੀ ਸ਼ਾਮਲ ਹਨ। ਜਦੋਂ ਹਾਲਤ ਵਿਗੜ ਜਾਂਦੀ ਹੈ ਤਾਂ ਮਰੀਜ਼ ਨੂੰ ਅਧਰੰਗ ਵੀ ਹੋ ਸਕਦਾ ਹੈ। ਇਹ ਬਿਮਾਰੀ ਯੂਗਾਂਡਾ ਦੇ ਬੁੰਡੀਬੁਗਿਓ ਜ਼ਿਲ੍ਹੇ ਵਿੱਚ ਫੈਲੀ ਹੈ, ਜਿੱਥੇ ਹੁਣ ਤੱਕ ਲਗਭਗ 300 ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ।
ਜਦੋਂ ਮਰੀਜ਼ ਇਸ ਵਾਇਰਸ ਨਾਲ ਸੰਕਰਮਿਤ ਹੋ ਜਾਂਦਾ ਹੈ, ਤਾਂ ਉਸ ਦੇ ਸਰੀਰ ਵਿਚ ਤੇਜ਼ ਕੰਬਣੀ ਮਹਿਸੂਸ ਹੁੰਦੀ ਹੈ। ਇਹ ਕੰਬਣੀ ਇੰਨੀ ਤੇਜ਼ ਹੈ ਕਿ ਇੰਝ ਲੱਗਦਾ ਹੈ ਜਿਵੇਂ ਮਰੀਜ਼ ਨੱਚ ਰਿਹਾ ਹੋਵੇ। ਇਸ ਦੇ ਨਾਲ ਹੀ ਇਨ੍ਹਾਂ ਮਰੀਜ਼ਾਂ ਲਈ ਤੁਰਨਾ ਵੀ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਉਹ ਆਪਣੇ ਸਰੀਰ ‘ਤੇ ਕੰਟਰੋਲ ਗੁਆ ਬੈਠਦੇ ਹਨ। ਬੁੰਦੀਬਾਗਿਓ ਜ਼ਿਲ੍ਹਾ ਸਿਹਤ ਅਧਿਕਾਰੀ ਕੀਇਤਾ ਕ੍ਰਿਸਟੋਫਰ ਦੇ ਅਨੁਸਾਰ, ਇਸ ਵਾਇਰਸ ਦਾ ਪਤਾ ਪਹਿਲੀ ਵਾਰ 2023 ਵਿੱਚ ਪਾਇਆ ਗਿਆ ਸੀ। ਉਦੋਂ ਤੋਂ ਯੂਗਾਂਡਾ ਸਰਕਾਰ ਇਸਦੀ ਜਾਂਚ ਕਰ ਰਹੀ ਹੈ।