ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਅਕਾਲੀ ਸੁਧਾਰ ਲਹਿਰ ਵਾਲੇ ਆਗੂਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਤੇ ਬਾਕੀ ਸਿੰਘ ਸਾਹਿਬਾਨਾਂ ਨੂੰ ਮਰਿਯਾਦਾ ਦਾ ਪਾਠ ਪੜ੍ਹਾਉਣ ਦਾ ਯਤਨ ਨਾ ਕਰਨ ਸਗੋਂ ਖੁਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਪ੍ਰੰਪਰਾਵਾਂ ਤੋਂ ਜਾਣੂੰ ਹੋਣ ਅਤੇ ਜਾਰੀ ਪੰਥਕ ਸਿਧਾਂਤਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਖੁਦ ਪਾਲਣਾ ਕਰਨ।
ਦਰਅਸਲ ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਵਲਟੋਹਾ ਨੇ ਕਿਹਾ ਕਿ ਉਹ ਵੇਖ ਕੇ ਹੈਰਾਨ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕਤੰਤਰ ਦੇ ਹੁੰਦੇ ਘਾਣ ਦੇ ਵਿਰੁੱਧ ਅਤੇ ਜਨਤਕ ਹਿੱਤਾਂ ਦੀ ਰਾਖੀ ਲਈ ਭਗਵੰਤ ਮਾਨ ਸਰਕਾਰ ਖਿਲਾਫ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ। ਅਕਾਲੀ ਸੁਧਾਰ ਲਹਿਰ ਵਾਲੇ ਕੇਵਲ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤਿਕ ਤੌਰ ‘ਤੇ ਰੋਕਣ ਲਈ ਮਰਯਾਦਾ ਦੇ ਗ਼ੈਰ ਵਾਜਿਬ ਸਵਾਲ ਉਠਾਉਣ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਸਿੰਘ ਸਾਹਿਬਾਨ ਨੂੰ ਮਰਿਯਾਦਾ ਦਾ ਪਾਠ ਪੜ੍ਹਾਉਣ ਲੱਗ ਪਏ ਹਨ।
ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਉਸਦੇ 24 ਘੰਟਿਆਂ ਦੇ ਅੰਦਰ ਹੀ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਗਏ ਸਨ। ਉਸ ਤੋਂ ਪਹਿਲਾਂ ਹੀ ਤੁਹਾਡੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਅਕਾਲੀ ਸਰਕਾਰ ਸਮੇਂ ਹੋਈਆਂ ਭੁੱਲਾਂ ਬਾਰੇ ਜੋ ਦਰਖ਼ਾਸਤ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਸੀ, ਉਸ ਵਿੱਚ ਦਰਜ ਸਾਰੇ ਦੋਸ਼ਾਂ ਨੂੰ ਬਿਨਾਂ ਦਲੀਲ ਅਤੇ ਬਗੈਰ ਕਿਸੇ ਤਰ੍ਹਾਂ ਦੀ ਸਫਾਈ ਦਿੱਤਿਆਂ ਇੱਕ ਨਿਮਾਣੇ ਸਿੱਖ ਵਜੋਂ ਗਲ ਵਿੱਚ ਪੱਲਾ ਪਾਕੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਝੋਲੀ ਵਿੱਚ ਪਾ ਲਏ ਸਨ।
ਵਲਟੋਹਾ ਨੇ ਕਿਹਾ ਕਿ ਸੁਧਾਰ ਲਹਿਰ ਵਾਲਿਆਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੈ ਕਿ ਤਨਖਾਹੀਆ ਕਰਾਰ ਦੇਣਾ ਅਤੇ ਪੰਥ ਵਿਚੋਂ ਛੇਕਿਆ ਜਾਣ ਵਿੱਚ ਕੀ ਫਰਕ ਹੈ ਪੰਥ ਵਿਚੋਂ ਛੇਕੇ ਵਿਅਕਤੀ ਨਾਲ ਸਾਂਝ ਦੀ ਮਨਾਹੀ ਹੁੰਦੀ ਹੈ। ਸੁਖਬੀਰ ਸਿੰਘ ਬਾਦਲ ਨੇ ਤਾਂ ਆਪ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਭੁੱਲਾਂ ਝੋਲੀ ’ਚ ਪਾਉਂਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਨੂੰ ਸਿਰ ਮੱਥੇ ਮੰਨਣ ਦਾ ਆਪਣਾ ਵਚਨ ਦੁਹਰਾਇਆ ਹੈ। ਜਿਹੜੇ ਆਗੂ ਹੁਣ ਤੱਕ ਸਿੱਖੀ ਸਰੂਪ ਹੀ ਕਾਇਮ ਨਹੀਂ ਰੱਖ ਸਕੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਰਿਯਦਾ ਦੀਆਂ ਮੱਤਾਂ ਦੇਣ ਇਹ ਤਾਂ ਹੈਰਾਨੀ ਵਾਲੀ ਗੱਲ ਹੈ।