ਜਲੰਧਰ – ਰੂਸ ਵਿਚ ਵਧੀਆ ਤਨਖਾਹ ਦੇਣ ਦਾ ਲਾਲਚ ਦੇ ਕੇ ਪੰਜਾਬੀਆਂ ਸਮੇਤ ਭਾਰਤੀ ਲੋਕਾਂ ਨੂੰ ਬੇਲਾਰੂਸ ਦੇ 300 ਕਿਲੋਮੀਟਰ ਦੇ ਘੇਰੇ ਵਿਚ ਫੈਲੇ ਜੰਗਲਾਂ ਵਿਚ ਮਰਨ ਲਈ ਛੱਡਿਆ ਜਾ ਰਿਹਾ ਹੈ। ਇਸ ਧੰਦੇ ਵਿਚ ਹਾਲ ਹੀ ਵਿਚ ਅੰਮ੍ਰਿਤਸਰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਕਪੂਰਥਲਾ ਦਾ ਅੰਕਿਤ ਡੌਂਕਰ ਵੀ ਸ਼ਾਮਲ ਹੈ, ਜਿਸ ਦੇ ਲਿੰਕ ਪਾਕਿਸਤਾਨੀ ਡੌਂਕਰਾਂ ਨਾਲ ਨਿਕਲੇ ਹਨ।
ਪਾਕਿਸਤਾਨੀ ਡੌਂਕਰਾਂ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਉਹ ਪੰਜਾਬੀਆਂ ਸਮੇਤ ਭਾਰਤ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਨੰਗਾ ਕਰ ਕੇ ਉਨ੍ਹਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਭੇਜਣ ਲਈ ਕਹਾ ਰਹੇ ਹਨ ਅਤੇ ਨਾਲ-ਨਾਲ ਵੀਡੀਓ ਵਿਚ ਉਨ੍ਹਾਂ ਨੂੰ ਬੈਲਟ ਨਾਲ ਕੁੱਟਿਆ ਵੀ ਜਾ ਰਿਹਾ ਹੈ।
ਖੁਲਾਸਾ ਹੋਇਆ ਹੈ ਕਿ ਜਿਹੜੇ ਲੋਕ ਇਨ੍ਹਾਂ ਨੂੰ ਪੈਸੇ ਭੇਜ ਦਿੰਦੇ ਹਨ, ਉਨ੍ਹਾਂ ਵਿਚੋਂ ਕੁਝ ਨੂੰ ਤਾਂ ਉਹ ਛੱਡ ਦਿੰਦੇ ਹਨ ਪਰ ਵਧੇਰੇ ਲੋਕਾਂ ਨੂੰ ਉਹ ਬੇਲਾਰੂਸ ਦੇ ਜੰਗਲਾਂ ਵਿਚ ਛੱਡ ਦਿੰਦੇ ਹਨ। ਜੇਕਰ ਪੁਲਸ ਉਨ੍ਹਾਂ ਨੂੰ ਜੰਗਲਾਂ ਵਿਚ ਮਿਲ ਜਾਵੇ ਤਾਂ ਠੀਕ, ਨਹੀਂ ਤਾਂ ਉਨ੍ਹਾਂ ਦਾ ਬਚਣਾ ਅਸੰਭਵ ਹੁੰਦਾ ਹੈ।
ਹਾਲ ਹੀ ਵਿਚ 12 ਪਰਿਵਾਰ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਮਿਲ ਕੇ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਰੂਸ ਤੋਂ ਵਾਪਸ ਲਿਆਉਣ ਦੀ ਮੰਗ ਕਰ ਚੁੱਕੇ ਹਨ ਪਰ ਇਨਸਾਫ ਨਾ ਮਿਲਣ ’ਤੇ ਹੁਣ 4 ਨੌਜਵਾਨਾਂ ਦੇ ਪਰਿਵਾਰਕ ਮੈਂਬਰ ਖੁਦ 17 ਜਨਵਰੀ ਨੂੰ ਰੂਸ ਜਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਲੱਭਿਆ ਜਾ ਸਕੇ।